ਦੇਸ਼ ਤੋਂ ਨਫਰਤ ਮਿਟਾਉਣਾ ਤੇ ਮੋਦੀ ਨੂੰ ਹਰਾਉਣਾ ਮੇਰਾ ਮਕਸਦ : ਰਾਹੁਲ

ਹੈਦਰਾਬਾਦ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਉਦੇਸ਼ ਦੇਸ਼ ਵਿਚ ਨਫਰਤ ਖਤਮ ਕਰਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣਾ ਹੈ। ਉਨ੍ਹਾਂ ਇਥੇ ਨਾਮਪੱਲੀ ਵਿਚ ਇਕ ਚੋਣ ਰੈਲੀ ’ਚ ਇਹ ਵੀ ਦੋਸ਼ ਲਾਇਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.), ਪ੍ਰਧਾਨ ਮੰਤਰੀ ਮੋਦੀ ਅਤੇ ਕੱਟੜਪੰਥੀਆਂ ਨੇ ਪੂਰੇ ਦੇਸ਼ ਵਿਚ ਨਫ਼ਰਤ ਫੈਲਾ ਦਿੱਤੀ ਹੈ।

ਰਾਹੁਲ ਗਾਂਧੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਾਂਗਰਸ ਨੇ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ‘ਨਫਰਤ ਦੇ ਬਾਜ਼ਾਰ ’ਚ ਮੁਹੱਬਤ ਦੀ ਦੁਕਾਨ ਖੋਲ੍ਹਣ’ ਦਾ ਨਾਅਰਾ ਲਗਾਇਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਖਿਲਾਫ 24 ਮਾਮਲੇ ਦਰਜ ਕਰ ਦਿੱਤੇ ਗਏ ਕਿਉਂਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੜਾਈ ਲੜ ਰਹੇ ਹਨ। ਕਾਂਗਰਸ ਨੇਤਾ ਦਾ ਕਹਿਣਾ ਸੀ ਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਮਾਣਹਾਨੀ ਦੇ ਮਾਮਲੇ ਵਿਚ 2 ਸਾਲ ਦੀ ਸਜ਼ਾ ਮਿਲੀ। ਮੇਰੀ ਲੋਕ ਸਭਾ ਮੈਂਬਰਸ਼ਿੱਪ ਰੱਦ ਕਰ ਦਿੱਤੀ ਗਈ। ਮੇਰਾ ਸਰਕਾਰੀ ਘਰ ਖੋਹ ਲਿਆ ਗਿਆ। ਮੈਂ ਕਿਹਾ ਕਿ ਮੈਨੂੰ ਇਹ ਨਹੀਂ ਚਾਹੀਦਾ। ਮੇਰਾ ਘਰ ਦੇਸ਼ ਦੇ ਕਰੋੜਾਂ ਗਰੀਬਾਂ ਦੇ ਦਿਲਾਂ ਵਿਚ ਹੈ। ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਉੱਤਰ ਪ੍ਰਦੇਸ਼ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਗਾਂਧੀ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਖਿਲਾਫ ਕੀਤੀਆਂ ਗਈਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਨਾਲ ਸਬੰਧਤ 2018 ਦੇ ਮਾਣਹਾਨੀ ਮਾਮਲੇ ’ਚ ਤਲਬ ਕੀਤਾ।

ਰਾਹੁਲ ਗਾਂਧੀ ਨੇ ਇੱਥੇ ਨਾਮਪੱਲੀ ਰੈਲੀ ਵਿਚ ਆਪਣੇ ਭਾਸ਼ਣ ਵਿਚ ਉੱਤਰ ਪ੍ਰਦੇਸ਼ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਭੇਜੇ ਗਏ ਸੰਮਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੜਾਈ ਵਿਚਾਰਕ ਹੈ ਅਤੇ ਮੈਂ ਇਸ ਨਾਲ ਸਮਝੌਤਾ ਨਹੀਂ ਕਰ ਸਕਦਾ। 

ਉਨ੍ਹਾਂ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ’ਤੇ ਵੀ ਹਮਲਾ ਬੋਲਿਆ ਅਤੇ ਪੁੱਛਿਆ ਕਿ ਹੈਦਰਾਬਾਦ ਦੇ ਸੰਸਦ ਮੈਂਬਰ ਖ਼ਿਲਾਫ ਕਿੰਨੇ ਕੇਸ ਦਰਜ ਹਨ? ਕਾਂਗਰਸ ਨੇਤਾ ਨੇ ਕਿਹਾ ਕਿ ਈ. ਡੀ. ਅਤੇ ਸੀ. ਬੀ. ਆਈ. ਵਰਗੀਆਂ ਏਜੰਸੀਆਂ ਹਮੇਸ਼ਾ ਉਨ੍ਹਾਂ ਦੇ ਮਗਰ ਪਈਆਂ ਰਹਿੰਦੀਆਂ ਹਨ, ਪਰ ਕੀ ਕੋਈ ਏਜੰਸੀ ਓਵੈਸੀ ਦੇ ਮਗਰ ਪਈ ਹੈ?

Add a Comment

Your email address will not be published. Required fields are marked *