ਤ੍ਰਿਸ਼ਾ, ਚਿਰੰਜੀਵੀ ਤੇ ਖੁਸ਼ਬੂ ਖ਼ਿਲਾਫ਼ ਕੇਸ ਕਰਨਗੇ ਮੰਸੂਰ ਅਲੀ ਖ਼ਾਨ

ਮੁੰਬਈ – ਤਾਮਿਲ ਫ਼ਿਲਮਾਂ ਦੇ ਅਦਾਕਾਰ ਮੰਸੂਰ ਅਲੀ ਖ਼ਾਨ ਪਿਛਲੇ ਕੁਝ ਦਿਨਾਂ ਤੋਂ ਸੁਰਖ਼ੀਆਂ ’ਚ ਹਨ। ਪਹਿਲਾਂ ਉਸ ਨੇ ਤ੍ਰਿਸ਼ਾ ਕ੍ਰਿਸ਼ਨਨ ਬਾਰੇ ਬੇਤੁਕਾ ਬਿਆਨ ਦਿੱਤਾ। ਫਿਰ ਜਦੋਂ ਹਰ ਪਾਸੇ ਆਲੋਚਨਾ ਸ਼ੁਰੂ ਹੋਈ ਤੇ ਮਾਮਲਾ ਦਰਜ ਹੋਇਆ ਤਾਂ ਉਸ ਨੇ ਜਨਤਕ ਤੌਰ ’ਤੇ ਮੁਆਫ਼ੀ ਵੀ ਮੰਗ ਲਈ ਪਰ ਹੁਣ ਇਕ ਵਾਰ ਫਿਰ ਉਹ ਨਾਟਕੀ ਢੰਗ ਨਾਲ ਬਦਲ ਗਿਆ ਹੈ। ਮੰਸੂਰ ਨੇ ਹੁਣ ਕਿਹਾ ਹੈ ਕਿ ਉਹ ਤ੍ਰਿਸ਼ਾ ਕ੍ਰਿਸ਼ਨਨ, ਸੁਪਰਸਟਾਰ ਚਿਰੰਜੀਵੀ ਤੇ ਮਸ਼ਹੂਰ ਅਦਾਕਾਰਾ ਖੁਸ਼ਬੂ ਖ਼ਿਲਾਫ਼ ਮਾਨਹਾਨੀ ਦਾ ਕੇਸ ਦਾਇਰ ਕਰਨਗੇ।

ਰਾਸ਼ਟਰੀ ਮਹਿਲਾ ਕਮਿਸ਼ਨ ਵੀ ਮੰਸੂਰ ’ਤੇ ਨਜ਼ਰ ਰੱਖ ਰਹੀ ਹੈ। ਕਮਿਸ਼ਨ ਦੀਆਂ ਹਦਾਇਤਾਂ ’ਤੇ ਤਾਮਿਲਨਾਡੂ ’ਚ ਅਦਾਕਾਰ ਖ਼ਿਲਾਫ਼ ਇਕ ਔਰਤ ਦੀ ਮਰਿਆਦਾ ਨਾਲ ਛੇੜਛਾੜ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੰਸੂਰ ਨੇ ਬੀਤੇ ਵੀਰਵਾਰ ਨੂੰ ਥਾਣੇ ਜਾ ਕੇ ਆਪਣਾ ਬਿਆਨ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਤ੍ਰਿਸ਼ਾ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਸੀ। ਉਸ ਨੇ ਆਪਣੀ ਇੱਛਾ ਵੀ ਜ਼ਾਹਿਰ ਕੀਤੀ ਕਿ ਉਹ ਤ੍ਰਿਸ਼ਾ ਦੇ ਵਿਆਹ ’ਚ ਜਾ ਕੇ ਉਸ ਨੂੰ ਆਸ਼ੀਰਵਾਦ ਦੇਣਾ ਚਾਹੁੰਦਾ ਹੈ। ਤ੍ਰਿਸ਼ਾ ਨੇ ਮੰਸੂਰ ਨੂੰ ਮੁਆਫ਼ ਕਰ ਦਿੱਤਾ ਸੀ ਪਰ ਇਕ ਵਾਰ ਫਿਰ ਇਹ ਸਥਿਤੀ ਬਦਲਦੀ ਨਜ਼ਰ ਆ ਰਹੀ ਹੈ।

ਰਿਪੋਰਟ ਮੁਤਾਬਕ ਮੰਸੂਰ ਨੇ ਐਤਵਾਰ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ, ਜਦੋਂ ਉਨ੍ਹਾਂ ਨੇ ਤ੍ਰਿਸ਼ਾ, ਮੈਗਾਸਟਾਰ ਚਿਰੰਜੀਵੀ ਤੇ ਖੁਸ਼ਬੂ ਖ਼ਿਲਾਫ਼ ਮਾਨਹਾਨੀ ਦਾ ਕੇਸ ਦਾਇਰ ਕਰਨ ਦਾ ਐਲਾਨ ਕੀਤਾ। ਮੰਸੂਰ ਨੇ ਕਿਹਾ ਹੈ ਕਿ ਉਹ 10 ਦਿਨਾਂ ਲਈ ਤਿੰਨਾਂ ਅਦਾਕਾਰਾਂ ਖ਼ਿਲਾਫ਼ ਮਾਨਹਾਨੀ ਤੇ ਜਨਤਕ ਸ਼ਾਂਤੀ ਭੰਗ ਕਰਨ ਲਈ ਸਿਵਲ ਤੇ ਫੌਜਦਾਰੀ ਕੇਸ ਦਾਇਰ ਕਰਨਗੇ। ਮੰਸੂਰ ਨੇ ਇਹ ਵੀ ਦੋਸ਼ ਲਾਇਆ ਕਿ ਉਸ ਵਿਰੁੱਧ ਦੰਗੇ ਭੜਕਾਉਣ ਦੀ ਯੋਜਨਾ ਬਣਾਈ ਗਈ ਸੀ।

ਮੰਸੂਰ ਨੇ ਇਕ ਵਾਰ ਫਿਰ ਦੁਹਰਾਇਆ ਕਿ ਤ੍ਰਿਸ਼ਾ ਬਾਰੇ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪ੍ਰਸਾਰਿਤ ਤੇ ਪ੍ਰਚਾਰਿਆ ਗਿਆ ਸੀ। ਉਹ ਆਪਣੀ ਬੇਗੁਨਾਹੀ ਸਾਬਿਤ ਕਰਨ ਲਈ ਅਸਲੀ ਵੀਡੀਓ ਤੇ ਹੋਰ ਸਬੂਤ ਪੇਸ਼ ਕਰੇਗਾ। ਚਿਰੰਜੀਵੀ ਤੇ ਖੁਸ਼ਬੂ ’ਤੇ ਮੰਸੂਰ ਦਾ ਗੁੱਸਾ ਇਸ ਲਈ ਹੈ ਕਿਉਂਕਿ ਇਹ ਦੋਵੇਂ ਹੋਰ ਫ਼ਿਲਮੀ ਹਸਤੀਆਂ ਦੇ ਨਾਲ-ਨਾਲ ਸਭ ਤੋਂ ਪਹਿਲਾਂ ਤ੍ਰਿਸ਼ਾ ਦੇ ਸਮਰਥਨ ’ਚ ਆਏ ਸਨ ਤੇ ਮੰਸੂਰ ਦੀ ਨਿੰਦਿਆ ਕੀਤੀ ਸੀ। ਇਹ ਸਾਰਾ ਵਿਵਾਦ ਮੰਸੂਰ ਦੀ ‘ਲਿਓ’ ਫ਼ਿਲਮ ਨਾਲ ਸਬੰਧਤ ਇੰਟਰਵਿਊ ਕਾਰਨ ਹੋਇਆ ਹੈ। ਇਸ ’ਚ ਮੰਸੂਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਫ਼ਿਲਮ ਆਫਰ ਹੋਈ ਸੀ ਤਾਂ ਉਨ੍ਹਾਂ ਨੇ ਸੋਚਿਆ ਸੀ ਕਿ ਇਸ ’ਚ ਤ੍ਰਿਸ਼ਾ ਨਾਲ ਰੇਪ ਸੀਨ ਕਰਨ ਦਾ ਮੌਕਾ ਮਿਲੇਗਾ ਪਰ ਅਜਿਹਾ ਕੁਝ ਨਹੀਂ ਹੋਇਆ। ਇਸ ਤੋਂ ਬਾਅਦ ਮੰਸੂਰ ਦੀ ਕਾਫੀ ਆਲੋਚਨਾ ਹੋਈ ਸੀ। ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਤ੍ਰਿਸ਼ਾ ਕ੍ਰਿਸ਼ਨਨ ਨੇ ਇਹ ਵੀ ਕਿਹਾ ਕਿ ਉਹ ਮੰਸੂਰ ਨਾਲ ਦੁਬਾਰਾ ਕਦੇ ਕੋਈ ਫ਼ਿਲਮ ਨਹੀਂ ਕਰੇਗੀ।

Add a Comment

Your email address will not be published. Required fields are marked *