3 ਸਾਲਾਂ ਬਾਅਦ ਗੁਰਦਾਸ ਮਾਨ ਦਾ ਛਲਕਿਆ ਦਰਦ, ਗੀਤ ‘ਚ ਬਿਆਨ ਕੀਤੇ ਜਜ਼ਬਾਤ

ਚੰਡੀਗੜ੍ਹ : ਪੰਜਾਬੀ ਸੰਗੀਤ ਜਗਤ ਦੇ ਬਾਬਾ ਬੋਹੜ ਅਖਵਾਉਣ ਵਾਲੇ ਗਾਇਕ ਗੁਰਦਾਸ ਮਾਨ ਦਾ ਨਵਾਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਰਿਲੀਜ਼ ਹੋ ਚੁੱਕਿਆ ਹੈ, ਜਿਸ ਵਿਚ ਗੁਰਦਾਸ ਮਾਨ ਦਾ ਪੁਰਾਣਾ ਦਰਦ ਸਾਫ਼ ਝਲਕ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਗੀਤ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਵਿਰੋਧ ਵਿਚ ਲਾਏ ਗਏ ਨਾਹਰਿਆਂ ਤੋਂ ਹੁੰਦੀ ਹੈ ਅਤੇ ਨਾਲ ਹੀ ਮਾਨ ਇਸ ਗੀਤ ਰਾਹੀਂ ਆਪਣੇ 2019 ਦੇ ਹਿੰਦੀ ਨੂੰ ਮਾਂ ਬੋਲੀ ਵਾਲੇ ਬਿਆਨ ਨੂੰ ਸਹੀ ਕਰਾਰ ਦਿੰਦੇ ਨਜ਼ਰ ਆ ਰਹੇ ਹਨ। ਪਹਿਲੇ ਦੋ ਮਿੰਟ ਗੁਰਦਾਸ ਮਾਨ ਨੇ ਆਪਣੇ ਹਿੰਦੀ-ਪੰਜਾਬੀ ਦੇ ਬਿਆਨ ਨੂੰ ਸਹੀ ਸਿੱਧ ਕਰਨ ‘ਤੇ ਲਾਏ।

2 ਮਿੰਟ ਦੇ ਇੰਟਰੋ ਬਾਅਦ ਗੀਤ ਸ਼ੁਰੂ ਹੁੰਦਾ ਹੈ। ਇਸ ਗੀਤ ਵਿਚ ਗੁਰਦਾਸ ਮਾਨ ਆਪਣੀ ਪੁਰਾਣੀ ਭੜਾਸ ਕੱਢਦੇ ਨਜ਼ਰ ਆ ਰਹੇ ਹਨ। ਗੀਤ ਵਿਚ ਮਾਨ ਪੰਜਾਬੀਆਂ ਨੂੰ ‘ਪੰਜਾਬੀ ਬੋਲੀ ਦੇ ਠੇਕੇਦਾਰ’ ਕਹਿੰਦੇ ਨਜ਼ਰ ਆ ਰਹੇ ਹਨ। ਗੁਰਦਾਸ ਮਾਨ ਇਸ ਗੀਤ ‘ਚ ਪੰਜਾਬੀਆਂ ‘ਤੇ ਤਿੱਖੇ ਤੰਜ ਕੱਸੇ ਹਨ। ਇਸ ਗੀਤ ਨੂੰ ਰਿਲੀਜ਼ ਕਰਨ ਦੇ ਨਾਲ ਯੂਟਿਊਬ ਦੇ ਡਿਸਕ੍ਰਿਪਸ਼ਨ ਵਿਚ ਡਿਸਕਲੇਮਰ ਵੀ ਦਿੱਤਾ ਗਿਆ ਹੈ। ਇਸ ਵਿਚ ਮਾਨ ਵੱਲੋਂ ਲਿਖਿਆ ਗਿਆ ਹੈ, “ਇਸ  ਰਚਨਾ ਵਿਚ ਵਿਖਾਏ ਗਏ ਗੀਤ, ਗੀਤ ਦੇ ਬੋਲ ਤੇ ਕਹਾਣੀ ਕਾਲਪਨਿਕ ਹਨ। ਜਿਹੜੇ ਵੀ ਨਾਮ, ਕਿਰਦਾਰ ਤੇ ਘਟਨਾ ਪ੍ਰਸਤੁਤ ਕੀਤੀ ਗਈ ਹਨ ਉਹ ਕਾਲਪਨਿਕ ਹਨ। ਵਾਸਤਵਿਕਤਾ ਵਿਚ ਇਸ ਦਾ ਕਿਸੀ ਇਨਸਾਨ (ਜੀਵੀਤ ਜਾਂ ਮ੍ਰਿਤ), ਜਗਾਹ, ਸੰਸਥਾਨ ਤੇ ਸਾਮਾਨ ਨਾਲ ਕੋਈ ਸਬੰਧ ਨਹੀਂ ਹੈ।”

ਦੱਸ ਦਈਏ ਕਿ ਗੁਰਦਾਸ ਮਾਨ ਨੇ ਕੁੱਝ ਦਿਨ ਪਹਿਲਾਂ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਸੀ ਅਤੇ ਨਾਲ ਹੀ ਪੋਸਟਰ ਸ਼ੇਅਰ ਕੀਤਾ ਸੀ। ਗੀਤ ਦੇ ਪੋਸਟਰ ‘ਤੇ ਉਹ ਮਿਹਣੇ ਦੇਖੇ ਜਾ ਸਕਦੇ ਹਨ, ਜੋ ਗੁਰਦਾਸ ਮਾਨ ਨੂੰ ਉਦੋਂ ਸੁਣਨੇ ਪਏ ਸਨ, ਜਦੋਂ ਉਹ ਹਿੰਦੀ ਨੂੰ ਮਾਂ ਬੋਲੀ ਆਖ ਬੈਠੇ ਸੀ। ਇਸ ਤੋਂ ਬਾਅਦ ਪੰਜਾਬੀਆਂ ਨੇ ਮਾਨ ਨੂੰ ਖ਼ੂਬ ਟਰੋਲ ਕੀਤਾ ਸੀ। ਇਸ ਗੀਤ ਦੀ ਇੱਕ ਲਾਈਨ ਵਿਚ ਤਾਂ ਮਾਨ ਇਹ ਵੀ ਕਹਿ ਰਹੇ ਹਨ ਕਿ ‘ਬੇਕਦਰੇ ਲੋਕਾਂ ‘ਚ ਕੀ ਕਦਰ ਕਰਾ ਲੇਂਗਾ।”

ਕੀ ਹੈ ਪੂਰਾ ਮਾਮਲਾ?
ਦਰਅਸਲ, ਇਸ ਗੀਤ ਨਾਲ ਗੁਰਦਾਸ ਮਾਨ ਦਾ ਪੁਰਾਣਾ ਦਰਦ ਜੁੜਿਆ ਹੈ। ਇਹ ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈੱਸ ਕਾਨਫ਼ਰੰਸ ‘ਚਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ ‘ਤੇ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਸਨ। ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਦੇਸ਼ ਵਿਚ ਇੱਕ ਭਾਸ਼ਾ ਹੀ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਿਰੋਧ ਹੋਇਆ ਸੀ। 
ਗੀਤ ਦੇ ਪੋਸਟਰ ‘ਤੇ ਲਿਖਿਆ ਹੈ, ਮਾਂ ਬੋਲੀ ਦਾ ਗ਼ੱਦਾਰ, ਤੇਰੀ ਨੀ ਸੁਣਨੀ ਹੁਣ, ਬੱਸ ਕਰ ਓਏ ਮਾਨਾ। ਇਹ ਸਭ ਲੋਕਾਂ ਨੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਉਨ੍ਹਾਂ ਬਾਰੇ ਕਿਹਾ ਸੀ ਤੇ ਹੁਣ 3 ਸਾਲਾਂ ਬਾਅਦ ਮਾਨ ਨੇ ਆਪਣੇ ਹੋਏ ਅਪਮਾਨ ਦਾ ਮੂੰਹਤੋੜ ਜਵਾਬ ਆਪਣੇ ਗੀਤ ਰਾਹੀਂ ਦਿੱਤਾ ਹੈ।  

Add a Comment

Your email address will not be published. Required fields are marked *