ਕੇਸੀਆਰ ਨੇ ਗਰੀਬਾਂ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ: ਰਾਹੁਲ

ਹੈਦਰਾਬਾਦ, 25 ਨਵੰਬਰ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਚੋਣਾਵੀਂ ਸੂਬੇ ਤਿਲੰਗਾਨਾ ਵਿੱਚ ਭਾਜਪਾ ਦੇ ਚਾਰੇ ਟਾਇਰ ਪੰਕਚਰ ਕਰ ਦਿੱਤੇ ਹਨ ਅਤੇ ਜਲਦੀ ਹੀ ਦਿੱਲੀ ਵਿੱਚ ਵੀ ਅਜਿਹਾ ਹੀ ਕੀਤਾ ਜਾਵੇਗਾ। ਤਿਲੰਗਾਨਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਬੀਆਰਐੱਸ ਮੁਖੀ ਕੇ. ਚੰਦਰਸ਼ੇਖਰ ਰਾਓ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਕਾਂਗਰਸ ਹੀ ਸੀ ਜਿਸ ਨੇ ਉਸ ਸਕੂਲ ਅਤੇ ਯੂਨੀਵਰਸਿਟੀ ਦਾ ਨਿਰਮਾਣ ਕੀਤਾ, ਜਿਸ ਵਿੱਚ ਉਨ੍ਹਾਂ ਨੇ ਪੜ੍ਹਾਈ ਕੀਤੀ ਹੈ। ਰਾਹੁਲ ਨੇ ਕਿਹਾ ਕਿ ਆਗਾਮੀ ਚੋਣਾਂ ਵਿੱਚ ਮੁਕਾਬਲਾ ਦੋਰਾਲਾ ਅਤੇ ਪ੍ਰਜਾਲਾ ਦਰਮਿਆਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਗਰੀਬ ਅਤੇ ਕਿਸਾਨ ਹਮਾਇਤੀ ਸਰਕਾਰ ਦਾ ਸੁਫ਼ਨਾ ਦੇਖਿਆ, ਜਦਕਿ ਕੇਸੀਆਰ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਰਾਹੁਲ ਨੇ ਕਿਹਾ, ‘‘ਕੇਸੀਆਰ ਪੁੱਛ ਰਹੇ ਹਨ ਕਿ ਕਾਂਗਰਸ ਨੇ ਕੀ ਕੀਤਾ ਹੈ। ਕੇਸੀਆਰ… ਜਿਸ ਸਕੂਲ ਅਤੇ ਯੂਨੀਵਰਸਿਟੀ ਵਿੱਚ ਤੁਸੀਂ ਪੜ੍ਹਾਈ ਕੀਤੀ, ਉਸ ਦਾ ਨਿਰਮਾਣ ਕਾਂਗਰਸ ਪਾਰਟੀ ਨੇ ਕੀਤਾ ਸੀ। ਜਿਸ ਹਵਾਈ ਅੱਡੇ ਤੋਂ ਤੁਹਾਡਾ ਜਹਾਜ਼ ਉੱਡਦਾ ਹੈ, ਉਹ ਵੀ ਕਾਂਗਰਸ ਨੇ ਬਣਵਾਇਆ ਸੀ। ਬਾਹਰੀ ਰਿੰਗ ਰੋਡ, ਜਿਸ ’ਤੇ ਗੱਡੀਆਂ ਚੱਲਦੀਆਂ ਹਨ, ਉਹ ਵੀ ਕਾਂਗਰਸ ਨੇ ਬਣਵਾਈਆਂ ਸੀ।’’ ਰਾਹੁਲ ਨੇ ਤਿਲੰਗਾਨਾ ਦੇ ਗਠਨ ਦਾ ਸਿਹਰਾ ਵੀ ਕਾਂਗਰਸ ਸਿਰ ਬੰਨ੍ਹਿਆ। ਕੇਸੀਆਰ ਪਰਿਵਾਰ ’ਤੇ ਨਿਸ਼ਾਨਾ ਸੇਧਦਿਆਂ ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਕੋਲ ‘ਪੈਸਾ ਬਣਾਉਣ ਵਾਲੇ ਸਾਰੇ ਵਿਭਾਗ’ ਹਨ। ਕਾਂਗਰਸ ਦੀਆਂ ਛੇ ਗਾਰੰਟੀਆਂ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਮਹਾਲਕਸ਼ਮੀ ਤਹਿਤ ਮਹਿਲਾ ਲਾਭਪਾਤਰੀਆਂ ਨੂੰ ਮਹੀਨਾਵਰ ਪੈਨਸ਼ਨ, ਮੁਫ਼ਤ ਬੱਸ ਸਫ਼ਰ ਅਤੇ ਸਬਸਿਡੀ ਵਾਲੇ ਐੱਲਪੀਜੀ ਸਿਲੰਡਰ ਜ਼ਰੀਏ ਪੰਜ ਹਜ਼ਾਰ ਤੱਕ ਮਿਲਣ ਦੀ ਸੰਭਾਵਨਾ ਹੈ।

ਭਾਜਪਾ ਅਤੇ ਬੀਆਰਐੱਸ ’ਤੇ ਇੱਕਜੁੱਟ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਦਲਾਂ ਵਿੱਚ ਸਹਿਮਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਨੇਤਾ ਹੰਕਾਰ ’ਚ ਘੁੰਮਦੇ ਸੀ ਪਰ ਕਾਂਗਰਸ ਨੇ ਉਨ੍ਹਾਂ ਵਿੱਚੋਂ ਗੈਸ ਕੱਢ ਦਿੱਤੀ ਅਤੇ ਤਿਲੰਗਾਨਾ ਵਿੱਚ ਭਾਜਪਾ ਦੇ ਵਾਹਨ ਦੇ ਸਾਰੇ ਚਾਰੋਂ ਟਾਇਰ ਪੰਕਚਰ ਕਰ ਦਿੱਤੇ ਹਨ। ਉਨ੍ਹਾਂ ਮਖੌਲ ਕਰਦਿਆਂ ਕਿਹਾ, ‘‘ਬੀਆਰਐੱਸ ਉਨ੍ਹਾਂ ਟਾਇਰਾਂ ਵਿੱਚ ਹਵਾ ਭਰਨਾ ਚਾਹੁੰਦੀ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਕਾਂਗਰਸ ਨੇ ਭਾਜਪਾ ਦੇ ਟਾਇਰ ਸਦਾ ਲਈ ਖਰਾਬ ਕਰ ਦਿੱਤੇ ਹਨ। ਹੁਣ ਅਸੀਂ ਦਿੱਲੀ ਜਾ ਰਹੇ ਹਾਂ ਅਤੇ ਮੋਦੀ ਦੀ ਗੱਡੀ ਦੇ ਚਾਰੇ ਟਾਇਰ ਪੰਕਚਰ ਕਰ ਦਿਆਂਗੇ।’’ ਬੀਆਰਐੱਸ ਅਤੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਰਾਹੁਲ ਨੇ ਕਿਹਾ ਕਿ ਜਦੋਂ ਵੀ ਲੋੜ ਪਈ, ਉਨ੍ਹਾਂ ਇੱਕ-ਦੂਜੇ ਦਾ ਸਮਰਥਨ ਕੀਤਾ। ਉਨ੍ਹਾਂ ਤਿਲੰਗਾਨਾ ਵਿੱਚ ਬੀਆਰਐੱਸ ਅਤੇ ਫਿਰ ਦਿੱਲੀ ਵਿੱਚ ਨਰਿੰਦਰ ਮੋਦੀ ਨੂੰ ਹਰਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕੇਸੀਆਰ ਚਾਹੁੰਦਾ ਹੈ ਕਿ ਮੋਦੀ ਦਿੱਲੀ ਵਿੱਚ ਸੱਤਾ ’ਚ ਰਹੇ ਅਤੇ ਮੋਦੀ ਤਿਲੰਗਾਨਾ ਵਿੱਚ ਬੀਆਰਐੱਸ ਮੁਖੀ ਨੂੰ ਚਾਹੁੰਦੇ ਹਨ।

Add a Comment

Your email address will not be published. Required fields are marked *