ਟਰੇਨ ’ਚ ਖ਼ਰਾਬ AC ਅਤੇ ਪੱਖਿਆਂ ਲਈ ਰੇਲਵੇ ਨੂੰ ਠੋਕਿਆ 15,000 ਰੁਪਏ ਦਾ ਜੁਰਮਾਨਾ

ਜਲੰਧਰ – ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ-2 ਹੈਦਰਾਬਾਦ ਨੇ ਦੱਖਣੀ ਮੱਧ ਰੇਲਵੇ (ਐੱਸ. ਸੀ. ਆਰ.) ਨੂੰ ਗਰੀਬ ਰੱਥ ਟਰੇਨ ਵਿਚ ਖਰਾਬ ਏ. ਸੀ. ਅਤੇ ਪੱਖਿਆਂ ਲਈ ਮੁਸਾਫਰ ਨੂੰ 15,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਦੱਖਣੀ ਮੱਧ ਰੇਲਵੇ ਨੂੰ ਹੁਕਮ ਦਿੱਤਾ ਕਿ ਉਹ ਸ਼ਿਕਾਇਤਕਰਤਾ ਨੂੰ ਯਾਤਰਾ ਦੌਰਾਨ ਹੋਈ ਅਸਹੂਲਤ ਅਤੇ ਮੁਸ਼ਕਲ ਦੇ ਮੁਆਵਜ਼ੇ ਵਜੋਂ ਉਕਤ ਰਾਸ਼ੀ ਦਾ ਭੁਗਤਾਨ ਕਰੇ। ਇਕ ਮੀਡੀਆ ਰਿਪੋਰਟ ਮੁਤਾਬਕ ਸ਼ਿਕਾਇਤਕਰਤਾ ਕੇ. ਵੀ. ਐੱਸ. ਅੱਪਾ ਰਾਵ ਨੇ 5 ਅਪ੍ਰੈਲ 2023 ਨੂੰ ਵਿਸ਼ਾਖਾਪਟਨਮ ਦੇ ਸਿਕੰਦਰਾਬਾਦ ਦੀ ਯਾਤਰਾ ਲਈ ਆਪਣੇ ਅਤੇ ਆਪਣੀ ਲੜਕੀ ਲਈ ਗਰੀਬ ਰੱਥ ਟਰੇਨ ਵਿਚ 2 ਸੀਟਾਂ ਰਿਜ਼ਰਵ ਕੀਤੀਆਂ ਸਨ। ਰਾਵ ਮੁਤਾਬਕ ਟਰੇਨ ਰਾਤ 8.40 ਵਜੇ ਰਵਾਨਾ ਹੋਈ ਅਤੇ ਖਾਣਾ ਖਾਣ ਤੋਂ ਬਾਅਦ ਉਹ ਕਰੀਬ 10 ਵਜੇ ਸੌਣ ਚਲੇ ਗਏ। ਹਾਲਾਂਕਿ ਉਹ ਅੱਧੀ ਰਾਤ ਨੂੰ ਸਾਹ ਘੁੱਟਣ ਕਾਰਨ ਜਾਗ ਗਏ ਕਿਉਂਕਿ ਏ. ਸੀ. ਅਤੇ ਪੱਖੇ ਕੰਮ ਨਹੀਂ ਕਰ ਰਹੇ ਸਨ। ਰਾਵ ਨੇ ਤੁਰੰਤ ਯਾਤਰਾ ਟਿਕਟ ਪਰੀਖਣ (ਟੀ. ਟੀ. ਈ.) ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਟੀ. ਟੀ. ਈ. ਅਤੇ ਹੋਰ ਅਧਿਕਾਰੀਆਂ ਨੇ ਜ਼ਿਕਰ ਕੀਤਾ ਕਿ ਸਮੱਸਿਆ ਬਿਜਲੀ ਦੀ ਖਰਾਬੀ ਕਾਰਨ ਹੋਈ ਸੀ ਅਤੇ ਭਰੋਸਾ ਦਿੱਤਾ ਕਿ ਏਲੁਰੂ ਸਟੇਸ਼ਨ ’ਤੇ ਪੁੱਜਣ ’ਤੇ ਇਸ ਦਾ ਹੱਲ ਕਰ ਦਿੱਤਾ ਜਾਏਗਾ। ਟਰੇਨ ਤੈਅ ਸਮੇਂ ਤੋਂ 1 ਘੰਟਾ 1.40 ਵਜੇ ਏਲੁਰੂ ਸਟੇਸ਼ਨ ਅਤੇ 2.30 ਵਜੇ ਵਿਜੇਵਾੜਾ ਪੁੱਜੀ। ਇਸ ਦੌਰਾਨ ਮੁਸਾਫਰਾਂ ਨੂੰ ਸਾਹ ਘੁੱਟਣ ਅਤੇ ਵੈਂਟੀਲੇਸ਼ਨ ਦੀ ਕਮੀ ਕਾਰਨ ਪ੍ਰੇਸ਼ਾਨੀਆਂ ਦਾ ਸਹਾਮਣਾ ਕਰਨਾ ਪਿਆ। 6 ਅਪ੍ਰੈਲ ਨੂੰ ਵਿਜੇਵਾੜਾ ਸਟੇਸ਼ਨ ’ਤੇ ਬਿਜਲੀ ਬਹਾਲ ਹੋਣ ਤੱਕ ਟਰੇਨ ਸਵੇਰੇ 4.40 ਵਜੇ ਤੋਂ ਖੜ੍ਹੀ ਰਹੀ।

ਕਮਿਸ਼ਨ ਦੇ ਆਦੇਸ਼ ਦੇ ਜਵਾਬ ਵਿਚ ਐੱਸ. ਸੀ. ਆਰ. ਵਿਚ ਕਿਹਾ ਹੈ ਕਿ ਉਹ ਫੈਸਲਿਆਂ ਦਾ ਪਾਲਣਾ ਕਰਨਗੇ ਅਤੇ ਯਕੀਨੀ ਕਰਨਗੇ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਉਪਾਅ ਕੀਤੇ ਜਾਣ। ਉਨ੍ਹਾਂ ਨੇ ਮੁਸਾਫਰ ਨੂੰ ਹੋਈ ਅਸਹੂਲਤ ਲਈ ਮਾਫੀ ਮੰਗੀ ਹੈ ਅਤੇ ਭਰੋਸਾ ਦਿੱਤਾ ਕਿ ਉਹ ਯਾਤਰੀ ਸੁਰੱਖਿਆ ਅਤੇ ਆਰਾਮ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ।

Add a Comment

Your email address will not be published. Required fields are marked *