ਹਵਾਬਾਜ਼ੀ ਉਦਯੋਗ ਲਈ ਉੱਚੇ ਟੈਕਸਾਂ ਤੋਂ ਚੌਕਸ ਰਹਿਣ ਦੀ ਲੋੜ

ਇਸਤਾਂਬੁਲ – ਭਾਰਤ ਕੋਲ ਚੰਗੇ ਆਰਥਿਕ ਵਾਧੇ ਅਤੇ ਵਿਸ਼ਾਲ ਆਬਾਦੀ ਦੇ ਨਾਲ ਸ਼ਹਿਰੀ ਹਵਾਬਾਜ਼ੀ ਖੇਤਰ ਲਈ ਠੀਕ ਨਜ਼ਰੀਆ ਅਤੇ ਸਮੇਂ ਮੁਤਾਬਕ ਰਣਨੀਤੀ ਹੈ। ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਨੇ ਇਹ ਗੱਲ ਕਹੀ। ਉਸ ਨੇ ਨਾਲ ਹੀ ਕਿਹਾ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਬਹੁਤ ਜ਼ਿਆਦਾ ਟੈਕਸਾਂ ਕਾਰਨ ਉਸਾਰੂ ਪ੍ਰਭਾਵ ਘੱਟ ਨਾ ਹੋਵੇ। ਆਈ. ਏ. ਟੀ. ਏ. ਦੀ ਮੁੱਖ ਅਰਥਸ਼ਾਸਤਰੀ ਮੈਰੀ ਓਵੇਂਸ ਥਾਮਸਨ ਨੇ ਕਿਹਾ ਕਿ ਉਹ ਏਅਰਲਾਈਨ ਉਦਯੋਗ ਵਿਚ ਕਿਸੇ ਵੀ ਤਰ੍ਹਾਂ ਦੇ ਏਕਾਧਿਕਾਰ ਦੇ ਪੱਖ ਵਿਚ ਨਹੀਂ। ਉਨ੍ਹਾਂ ਸਿਹਤਮੰਦ ਮੁਕਾਬਲੇਬਾਜ਼ੀ ਦੇ ਨਾਲ ਹੀ ਹਿੱਸੇਦਾਰਾਂ ਦੇ ਜੁਝਾਰੂ ਹੋਣ ’ਤੇ ਜ਼ੋਰ ਦਿੱਤਾ। ਉਨ੍ਹਾਂ ਤੇਜ਼ੀ ਨਾਲ ਵਧਦੇ ਭਾਰਤੀ ਏਅਰਲਾਈਨ ਬਾਜ਼ਾਰ ਵਿਚ ਏਕਾਧਿਕਾਰ ਦੀ ਸੰਭਾਵਨਾ ’ਤੇ ਕਿਹਾ,‘‘ਮੈਂ ਇਕ ਅਰਥਸ਼ਾਸਤਰੀ ਹਾਂ ਅਤੇ ਸਪਸ਼ਟ ਤੌਰ ’ਤੇ ਮੈਂ ਕਿਸੇ ਵੀ ਤਰ੍ਹਾਂ ਦੇ ਏਕਾਧਿਕਾਰ ਦੇ ਪੱਖ ਵਿਚ ਨਹੀਂ। ਅਸੀਂ ਆਮ ਅਰਥ ਸ਼ਾਸਤਰ ਵਿਚ ਤੇਜ਼ ਮੁਕਾਬਲੇਬਾਜ਼ੀ ਵੇਖਣਾ ਚਾਹੁੰਦੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਕਿ ਇਸ ਨਾਲ ਜ਼ਿਆਦਾ ਨਵੀਨਤਾ, ਸੇਵਾਵਾਂ ਅਤੇ ਕਿਫਾਇਤੀ ਕੀਮਤ ਮਿਲੇਗੀ।’’

ਭਾਰਤ ਵਿਚ ਘਰੇਲੂ ਹਵਾਈ ਆਵਾਜਾਈ ਵਧ ਰਹੀ ਹੈ, ਜਦੋਂਕਿ ਏਅਰਲਾਈਨ ਉਦਯੋਗ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੋ ਫਸਟ ਦਾ ਆਪ੍ਰੇਸ਼ਨ ਫਿਲਹਾਲ ਬੰਦ ਹੈ ਅਤੇ ਸਪਾਈਸਜੈੱਟ ਨੂੰ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਇੰਡੀਗੋ ਤੇ ਏਅਰ ਇੰਡੀਆ ਸਮੂਹ ਆਪਣੀ ਹਾਜ਼ਰੀ ਵਧਾ ਰਹੇ ਹਨ। ਇਕ ਸਾਲ ਤੋਂ ਘੱਟ ਪੁਰਾਣੀ ਅਕਾਸ਼ ਏਅਰ ਸਥਿਰ ਰਸਤੇ ’ਤੇ ਹੈ।

ਉਨ੍ਹਾਂ ਕਿਹਾ,‘‘ਸਿਹਤਮੰਦ ਮੁਕਾਬਲੇਬਾਜ਼ੀ ਦੇ ਨਾਲ ਹੀ ਮਜ਼ਬੂਤ ਤੇ ਜੁਝਾਰੂ ਹਿੱਸੇਦਾਰ ਹੋਣ, ਇਹੀ ਅਸੀਂ ਚਾਹੁੰਦੇ ਹਾਂ।’’ ਇਸ ਹਫਤੇ ਦੀ ਸ਼ੁਰੂਆਤ ਵਿਚ ਇਸਤਾਂਬੁਲ ’ਚ ਆਈ. ਏ. ਟੀ. ਏ. ਵਰਲਡ ਏਅਰ ਟਰਾਂਸਪੋਰਟ ਸੰਮੇਲਨ ਦੇ ਮੌਕੇ ’ਤੇ ਇਕ ਇੰਟਰਵਿਊ ਵਿਚ ਥਾਮਸਨ ਨੇ ਕਿਹਾ ਕਿ ਹਵਾਈ ਟਰਾਂਸਪੋਰਟ ਲਈ 2 ਬੁਨਿਆਦੀ ਗੱਲਾਂ–ਜੀ. ਡੀ. ਪੀ. ਤੇ ਆਬਾਦੀ ਵਾਧਾ ਹੈ ਅਤੇ ਦੋਵਾਂ ਮੋਰਚਿਆਂ ’ਤੇ ਭਾਰਤ ਚੰਗਾ ਕਰ ਰਿਹਾ ਹੈ।

ਭਾਰਤ ਵਾਧੇ ਲਈ ਇਕ ਅਹਿਮ ਬਾਜ਼ਾਰ ਹੈ, ਜੋ ਹਰ ਤਰ੍ਹਾਂ ਦੇ ਮੌਕਿਆਂ ਦੀ ਪੇਸ਼ਕਸ਼ ਕਰਦਾ ਹੈ। ਹਵਾਬਾਜ਼ੀ ਕੰਪਨੀਆਂ ਦੇ ਸਮੂਹ ਸਟਾਰ ਅਲਾਇੰਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਥਿਯੋ ਪੈਨਾਗਿਓਟੌਲਿਆਸ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਆਪਣੇ ਕੰਮਕਾਜ ਵਿਚ ਬਦਲਾਅ ਲਈ ਠੋਸ ਮਿਸ਼ਨ ’ਤੇ ਹੈ। ਸਟਾਰ ਅਲਾਇੰਸ ਵਿਚ ਏਅਰ ਇੰਡੀਆ, ਲੁਫਥਾਂਸਾ, ਸਿੰਗਾਪੁਰ ਏਅਰਲਾਈਨਸ ਤੇ ਸਾਊਥ ਅਫਰੀਕਨ ਏਅਰਲਾਈਨਸ ਸਮੇਤ 26 ਹਵਾਬਾਜ਼ੀ ਕੰਪਨੀਆਂ ਸ਼ਾਮਲ ਹਨ। ਇਹ ਵਿਸ਼ਵ ਸਮੂਹ 25 ਤੋਂ ਵੱਧ ਸਾਲਾਂ ਤੋਂ ਕੰਮ ਕਰ ਰਿਹਾ ਹੈ। ਗਠਜੋੜ ਦੇ ਲੰਮੇ ਸਮੇਂ ਤੋਂ ਮੈਂਬਰ ਰਹੇ ਏਅਰ ਇੰਡੀਆ ਬਾਰੇ ਪੈਨਾਗਿਓਟੌਲਿਆਸ ਨੇ ਕਿਹਾ ਕਿ ਏਅਰਲਾਈਨ ਇਕ ‘ਬਹੁਤ ਠੋਸ ਮਿਸ਼ਨ’ ’ਤੇ ਹੈ ਅਤੇ ਉਸ ਨੇ ਆਪਣੇ ਪੇਸ਼ੇ ਵਿਚ ਵੱਡੇ ਬਦਲਾਅ ਦੀ ਸ਼ੁਰੁਆਤ ਕੀਤੀ ਹੈ।

Add a Comment

Your email address will not be published. Required fields are marked *