ਅਫ਼ਗਾਨਿਸਤਾਨ ਤੇ ਭਾਰਤ ਵਿਚਾਲੇ ਖੇਡੀ ਜਾਵੇਗੀ T-20 ਸੀਰੀਜ਼

ਕਾਬੁਲ: ਅਫ਼ਗਾਨਿਸਤਾਨ ਪੁਰਸ਼ ਕ੍ਰਿਕਟ ਟੀਮ ਜਨਵਰੀ ‘ਚ 3 ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤ ਦਾ ਦੌਰਾ ਕਰੇਗੀ। ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਇਹ ਲੜੀ 11 ਜਨਵਰੀ ਤੋਂ ਸ਼ੁਰੂ ਹੋ ਕੇ 17 ਜਨਵਰੀ ਤੱਕ ਚੱਲੇਗੀ। ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ ਵਿਚ ਕਿਹਾ ਕਿ ਅਫ਼ਗਾਨਿਸਤਾਨ ਦੀ ਰਾਸ਼ਟਰੀ ਕ੍ਰਿਕਟ ਟੀਮ ਜਨਵਰੀ 2024 ਦੇ ਸ਼ੁਰੂ ਵਿਚ ਤਿੰਨ ਮੈਚਾਂ ਦੀ T20I ਸੀਰੀਜ਼ ਲਈ ਭਾਰਤ ਦਾ ਦੌਰਾ ਕਰੇਗੀ। 3 ਟੀ-20 ਅੰਤਰਰਾਸ਼ਟਰੀ ਮੈਚ 11, 14 ਅਤੇ 17 ਜਨਵਰੀ ਨੂੰ ਹੋਣੇ ਹਨ। ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ ‘ਚ 11 ਜਨਵਰੀ ਨੂੰ, ਦੂਜਾ ਅਤੇ ਤੀਜਾ ਮੈਚ ਕ੍ਰਮਵਾਰ 14 ਅਤੇ 17 ਜਨਵਰੀ ਨੂੰ ਇੰਦੌਰ ਅਤੇ ਬੈਂਗਲੁਰੂ ‘ਚ ਹੋਵੇਗਾ।

ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਅਤੇ ਭਾਰਤ ਨੇ ਵੱਖ-ਵੱਖ ਏਸ਼ੀਅਨ ਕ੍ਰਿਕੇਟ ਕੌਂਸਲ (ਏ.ਸੀ.ਸੀ.) ਅਤੇ ਆਈ.ਸੀ.ਸੀ. ਈਵੈਂਟਸ ਵਿਚ ਹਿੱਸਾ ਲਿਆ ਹੈ, ਇਹ ਲੜੀ ਪਹਿਲੀ ਵਾਰ ਹੈ ਜਦੋਂ ਇਹ ਦੇਸ਼ ਇਕ ਬਹੁ-ਮੈਚਾਂ ਵਾਲੀ ਸੀਰੀਜ਼ ਖੇਡਣਗੇ। ਦੋਵੇਂ ਟੀਮਾਂ ਹੁਣ ਤਕ ਪੰਜ ਟੀ-20 ਮੈਚਾਂ ਵਿਚ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਸਾਰੇ ਮੈਚ ਭਾਰਤ ਨੇ ਜਿੱਤੇ ਹਨ। ਅਫ਼ਗਾਨਿਸਤਾਨ ਨੇ ਹਾਲ ਹੀ ਵਿਚ ਆਈ.ਸੀ.ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਲਈ ਭਾਰਤ ਦਾ ਦੌਰਾ ਕੀਤਾ ਸੀ, ਜਿੱਥੇ ਉਹ ਇੰਗਲੈਂਡ, ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਖਿਲਾਫ ਯਾਦਗਾਰ ਜਿੱਤ ਦਰਜ ਕਰਕੇ ਅੰਕ ਸੂਚੀ ਵਿਚ 6ਵੇਂ ਸਥਾਨ ‘ਤੇ ਰਹੀ ਸੀ।

Add a Comment

Your email address will not be published. Required fields are marked *