ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਗੰਭੀਰ ਜ਼ਖਮੀ ਹੋਣ ਤੋਂ ਬਚੇ ਪਾਕਿਸਤਾਨ ਦੇ ਨਵੇਂ ਕਪਤਾਨ ਸ਼ਾਨ ਮਸੂਦ

ਕਰਾਚੀ : ਪਾਕਿਸਤਾਨ ਦੇ ਨਵੇਂ ਟੈਸਟ ਕਪਤਾਨ ਸ਼ਾਨ ਮਸੂਦ ਘਰੇਲੂ ਮੈਚ ਦੌਰਾਨ ਟੀਮ ਦੇ ਸਾਥੀ ਸਰਫਰਾਜ਼ ਅਹਿਮਦ ਨਾਲ ਟਕਰਾਉਣ ਤੋਂ ਬਾਅਦ ਗੰਭੀਰ ਸੱਟ ਤੋਂ ਵਾਲ-ਵਾਲ ਬਚ ਗਏ ਹਨ, ਜਿਸ ਕਾਰਨ ਅਗਲੇ ਮਹੀਨੇ ਆਸਟਰੇਲੀਆ ਦੇ ਆਗਾਮੀ ਦੌਰੇ ਲਈ ਉਸ ਦੀ ਉਪਲਬਧਤਾ ਨੂੰ ਖਤਰਾ ਹੋ ਸਕਦਾ ਸੀ। ਇਹ ਘਟਨਾ ਸ਼ੁੱਕਰਵਾਰ ਨੂੰ ਰਾਵਲਪਿੰਡੀ ਸਟੇਡੀਅਮ ‘ਚ ਕਰਾਚੀ ਅਤੇ ਮੁਲਤਾਨ ਵਿਚਾਲੇ ਲਿਸਟ-ਏ ਸੈਮੀਫਾਈਨਲ ਮੈਚ ਦੌਰਾਨ ਹੋਈ।

ਸ਼ਾਨ ਅਤੇ ਸਰਫਰਾਜ਼, ਕਰਾਚੀ ਲਈ ਖੇਡਦੇ ਹੋਏ, ਮਿਡ-ਆਫ ਦੇ ਨੇੜੇ ਵਿਰੋਧੀ ਪਾਸਿਓਂ ਕੈਚ ਲੈਣ ਲਈ ਦੌੜੇ ਅਤੇ ਦੋਵਾਂ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਤੋਂ ਬਾਅਦ ਮਸੂਦ ਤੁਰੰਤ ਉੱਠਣ ਤੋਂ ਅਸਮਰੱਥ ਦਿਖਾਈ ਦਿੱਤਾ। ਟੱਕਰ ਦੇ ਪ੍ਰਭਾਵ ਕਾਰਨ ਸਰਫਰਾਜ਼ ਨੇ ਬੱਲੇਬਾਜ਼ ਸੋਹੇਬ ਮਕਸੂਦ ਦਾ ਕੈਚ ਵੀ ਛੱਡ ਦਿੱਤਾ। ਮਸੂਦ ਸਪੋਰਟ ਸਟਾਫ ਦੀ ਮਦਦ ਨਾਲ ਮੈਦਾਨ ਤੋਂ ਬਾਹਰ ਆਇਆ ਅਤੇ ਇਸ ਦੌਰਾਨ ਮੈਚ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ।

ਕਰਾਚੀ ਟੀਮ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਸਕੈਨ ਵਿੱਚ ਗਿੱਟੇ ‘ਤੇ ਕੋਈ ਗੰਭੀਰ ਸੱਟ ਨਹੀਂ ਦਿਖਾਈ ਦਿੱਤੀ। ਕਰਾਚੀ ਦੀ ਪਾਰੀ ਦੌਰਾਨ ਸ਼ਾਨ ਨੇ ਸਿਰਫ਼ 38 ਗੇਂਦਾਂ ਵਿੱਚ 41 ਦੌੜਾਂ ਬਣਾਈਆਂ ਸਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਸ਼ਾਨ ਨੂੰ ਮੌਜੂਦਾ 2023-25 ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ਲਈ ਟੈਸਟ ਕਪਤਾਨ ਨਿਯੁਕਤ ਕੀਤਾ ਹੈ।

Add a Comment

Your email address will not be published. Required fields are marked *