ਡੇਵਿਡ ਬੈਕਹਮ ਨਾਲ ਤਸਵੀਰ ਕਲਿੱਕ ਕਰਵਾਉਣ ’ਤੇ ਬੁਰੀ ਤਰ੍ਹਾਂ ਟ੍ਰੋਲ ਹੋਏ ਅਰਜੁਨ ਕਪੂਰ
ਮੁੰਬਈ – ਸੋਨਮ ਕਪੂਰ ਤੇ ਆਨੰਦ ਆਹੂਜਾ ਨੇ ਬੀਤੀ ਰਾਤ ਆਪਣੇ ਘਰ ਸਟਾਰ ਫੁੱਟਬਾਲ ਖਿਡਾਰੀ ਡੇਵਿਡ ਬੈਕਹਮ ਲਈ ਵੈਲਕਮ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ’ਚ ਬੀ-ਟਾਊਨ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ’ਚੋਂ ਇਕ ਸੋਨਮ ਦੇ ਚਚੇਰੇ ਭਰਾ ਤੇ ਅਦਾਕਾਰ ਅਰਜੁਨ ਕਪੂਰ ਸਨ, ਜੋ ਡੇਵਿਡ ਦਾ ਬਹੁਤ ਵੱਡਾ ਫੈਨ ਹੈ। ਅਰਜੁਨ ਨੇ ਸੋਸ਼ਲ ਮੀਡੀਆ ’ਤੇ ਆਪਣੇ ਪਸੰਦੀਦਾ ਖਿਡਾਰੀ ਨਾਲ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਪਰ ਹੁਣ ਯੂਜ਼ਰਸ ਅਦਾਕਾਰ ਨੂੰ ਇਸ ਲਈ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ।
ਅਰਜੁਨ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸੋਨਮ ਕਪੂਰ ਦੀ ਪਾਰਟੀ ਦੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ’ਚ ਸਭ ਤੋਂ ਪਹਿਲਾਂ ਅਦਾਕਾਰ ਤੇ ਉਨ੍ਹਾਂ ਦੀ ਪ੍ਰੇਮਿਕਾ ਮਲਾਇਕਾ ਡੇਵਿਡ ਬੈਕਹਮ ਨਾਲ ਪੋਜ਼ ਦੇ ਰਹੇ ਹਨ। ਦੂਜੀ ਤਸਵੀਰ ’ਚ ਉਹ ਸੋਨਮ ਤੇ ਹਰਸ਼ਵਰਧਨ ਦੇ ਕੁਝ ਦੋਸਤਾਂ ਨਾਲ ਪੋਜ਼ ਦੇ ਰਹੇ ਹਨ। ਇਸ ਤੋਂ ਇਲਾਵਾ ਇਕ ਤਸਵੀਰ ’ਚ ਸਿਰਫ ਅਰਜੁਨ ਤੇ ਡੇਵਿਡ ਕੈਮਰੇ ਲਈ ਪੋਜ਼ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਅਰਜੁਨ ਨੇ ਲਿਖਿਆ, ‘‘ਮੇਰੇ ਬਚਪਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੋਨਮ ਤੇ ਆਨੰਦ ਦਾ ਧੰਨਵਾਦ।’’
ਹਾਲਾਂਕਿ ਅਰਜੁਨ ਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨਾ ਉਨ੍ਹਾਂ ਨੂੰ ਮਹਿੰਗਾ ਪੈ ਰਿਹਾ ਹੈ। ਅਸਲ ’ਚ ਹੁਣ ਯੂਜ਼ਰਸ ਉਸ ਨੂੰ ਉਸ ਤਸਵੀਰ ਲਈ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ, ਜਿਸ ’ਚ ਉਹ ਡੇਵਿਡ ਨਾਲ ਇਕੱਲਾ ਪੋਜ਼ ਦੇ ਰਿਹਾ ਹੈ। ਇਸ ਤਸਵੀਰ ’ਚ ਖਿਡਾਰੀ ਲੰਬਾ ਨਜ਼ਰ ਆ ਰਿਹਾ ਹੈ ਤੇ ਇਸ ਨੂੰ ਯੂਜ਼ਰਸ ਪਸੰਦ ਨਹੀਂ ਕਰ ਰਹੇ ਹਨ। ਉਸ ਦਾ ਕਹਿਣਾ ਹੈ ਕਿ ਡੇਵਿਡ ਦਾ ਕੱਦ 1.83 ਮੀਟਰ ਤੇ ਅਰਜੁਨ ਦਾ ਕੱਦ 1.78 ਮੀਟਰ ਹੈ ਤਾਂ ਅਰਜੁਨ ਤਸਵੀਰ ’ਚ ਕਿੰਨਾ ਲੰਬਾ ਦਿਖਾਈ ਦੇ ਰਿਹਾ ਹੈ। ਇੰਨਾ ਹੀ ਨਹੀਂ, ਕੁਝ ਯੂਜ਼ਰਸ ਨੇ ਇਹ ਵੀ ਕਿਹਾ ਕਿ ਫੋਟੋ ਕਲਿੱਕ ਕਰਵਾਉਂਦੇ ਸਮੇਂ ਅਰਜੁਨ ਨੇ ਮਲਾਇਕਾ ਦੀ ਹੀਲ ਪਹਿਨੀ ਹੋ ਸਕਦੀ ਹੈ।

ਇਸ ਵਿਵਾਦ ਨੂੰ ਵਧਦਾ ਦੇਖ ਅਰਜੁਨ ਨੇ ਇਸ ’ਤੇ ਸਪੱਸ਼ਟੀਕਰਨ ਦਿੱਤਾ ਹੈ। ਇਸ ਪੋਸਟ ’ਤੇ ਟਿੱਪਣੀ ਕਰਦਿਆਂ ਅਦਾਕਾਰ ਨੇ ਲਿਖਿਆ, ‘‘ਮੈਂ ਅਸਲ ’ਚ 183 ਸੈਂਟੀਮੀਟਰ ਲੰਬਾ ਹਾਂ ਯਾਨੀ 6 ਫੁੱਟ ਤੋਂ ਥੋੜ੍ਹਾ ਜ਼ਿਆਦਾ, ਇਸ ਲਈ ਜੋ ਵੀ ਅਸੀਂ ਪੜ੍ਹਦੇ ਹਾਂ ਉਸ ’ਤੇ ਵਿਸ਼ਵਾਸ ਨਾ ਕਰੋ।’’
