ਰਿਸ਼ਤੇਦਾਰ ਘਰ ਅਫ਼ਸੋਸ ਕਰ ਕੇ ਪਰਤ ਰਹੇ ਵਿਅਕਤੀ ‘ਤੇ ਹਮਲਾ

ਜਲੰਧਰ- ਇੰਝ ਲੱਗਦਾ ਹੈ ਜਿਵੇਂ ਬਸਤੀ ਬਾਵਾ ਖੇਲ ਇਲਾਕੇ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਜ਼ਿਕਰਯੋਗ ਹੈ ਕਿ ਬਸਤੀ ਬਾਵਾ ਖੇਲ ਇਲਾਕੇ ’ਚ ਪਿਛਲੇ ਕਈ ਦਿਨਾਂ ਤੋਂ ਅਪਰਾਧ ਵਧਦਾ ਜਾ ਰਿਹਾ ਹੈ। ਹਾਲ ਹੀ ’ਚ ਦਿਨ-ਦਿਹਾੜੇ ਇਕ ਫੈਕਟਰੀ ਮੈਨੇਜਰ ਤੋਂ ਲੱਖਾਂ ਰੁਪਏ ਦੀ ਲੁੱਟ ਦੀ ਘਟਨਾ ਵਾਪਰੀ ਹੈ, ਜਿਸ ਨੂੰ ਥਾਣਾ ਸਦਰ ਦੀ ਪੁਲਸ ਟਰੇਸ ਨਹੀਂ ਕਰ ਸਕੀ ਤੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਘਟਨਾ ਨੂੰ ਟਰੇਸ ਕਰ ਕੇ ਥਾਣੇ ਦੀ ਇੱਜ਼ਤ ਬਚਾਈ ਸੀ। ਬਸਤੀ ਬਾਵਾ ਖੇਲ ਥਾਣਾ ਅਧੀਨ ਪੈਂਦੇ ਪਿੰਡ ਕਟਹਿਰਾ ਵਿਖੇ ਦੇਰ ਰਾਤ ਕਾਰ ਸਵਾਰ ਨੌਜਵਾਨਾਂ ਵੱਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ‘ਤੇ ਪਿਸਤੌਲ ਨਾਲ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੀੜਤ ਧਿਰ ਦੇ ਸਮਰਥਕਾਂ ਦਾ ਦੋਸ਼ ਹੈ ਕਿ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰਨ ਦੇ ਬਾਵਜੂਦ ਪੁਲਸ ਦੇਰੀ ਨਾਲ ਪੁੱਜੀ। ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਉਰਫ ਬਿੱਲਾ ਵਾਸੀ ਮਕਦੂਮਪੁਰਾ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਬਸਤੀ ਦਾਨਿਸ਼ਮੰਦਾਂ ਦੇ ਕਟਹਿਰਾ ਇਲਾਕੇ ’ਚ ਰਹਿੰਦੇ ਹਨ ਤੇ ਉਹ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕਰਨ ਲਈ ਉੱਥੇ ਆਇਆ ਸੀ। ਇਸ ਦੌਰਾਨ ਇਕ ਕਾਰ ’ਚ 5 ਦੇ ਕਰੀਬ ਨੌਜਵਾਨ ਗਲੀ ‘ਚ ਆ ਗਏ, ਜਿਨ੍ਹਾਂ ’ਚ ਪ੍ਰਿੰਸ ਬਾਬੂ ਤੇ ਹੋਰ ਵੀ ਸ਼ਾਮਲ ਸਨ। ਪ੍ਰਿੰਸ ਨੇ ਉਸ ਦੀ ਕਮੀਜ਼ ਪਾੜਨ ਦੇ ਨਾਲ-ਨਾਲ ਹਵਾਈ ਫਾਇਰ ਵੀ ਕੀਤਾ। ਰੌਲਾ ਪਾਉਣ ’ਤੇ ਸਾਰੇ ਮੌਕੇ ਤੋਂ ਫਰਾਰ ਹੋ ਗਏ, ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਵੀ ਕੈਦ ਹੋ ਗਈ ਹੈ।

ਰੰਜਿਸ਼ ਇਹ ਸੀ ਕਿ ਉਕਤ ਵਿਅਕਤੀ ਨਸ਼ਾ ਵੇਚਣ ਦਾ ਧੰਦਾ ਕਰਦੇ ਸਨ ਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਉਨ੍ਹਾਂ ਬਾਰੇ ਪੁਲਸ ਨੂੰ ਸੂਚਨਾ ਦੇ ਰਿਹਾ ਸੀ। ਪੁਲਸ ਨੇ ਮੌਕੇ ’ਤੇ ਗੋਲ਼ੀ ਦਾ ਖੋਲ ਵੀ ਬਰਾਮਦ ਕੀਤਾ ਹੈ। ਦੂਜੇ ਪਾਸੇ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਰਾਜੇਸ਼ ਠਾਕੁਰ ਨੇ ਦੱਸਿਆ ਕਿ ਫਿਲਹਾਲ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।

Add a Comment

Your email address will not be published. Required fields are marked *