ਸ਼ਹਿਰ ‘ਚ ਖੁੱਲ੍ਹੇਆਮ ਘੁੰਮਦਾ ਦਿਸਿਆ ‘ਸ਼ੇਰ’, ਫੜਨ ‘ਚ ਕਰਮਚਾਰੀਆਂ ਦੇ ਛੁਟੇ ਪਸੀਨੇ

ਇਟਲੀ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਟਲੀ ਦੇ ਇਕ ਸ਼ਹਿਰ ‘ਚ ਸ਼ਨੀਵਾਰ (11 ਨਵੰਬਰ) ਨੂੰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸਰਕਸ ‘ਚੋਂ ਭੱਜੇ ਇਕ ਸ਼ੇਰ ਨੂੰ ਰਾਤ ਨੂੰ ਸੜਕਾਂ ‘ਤੇ ਘੁੰਮਦੇ ਦੇਖਿਆ ਗਿਆ। ਸੋਸ਼ਲ ਮੀਡੀਆ ਐਕਸ ‘ਤੇ ਸ਼ੇਅਰ ਕੀਤੀ ਗਈ ਕਲਿੱਪ ‘ਚ ਸ਼ੇਰ ਨੂੰ ਰੋਮ ਨੇੜੇ ਲਾਡੀਸਪੋਲੀ ਦੀਆਂ ਸੁੰਨਸਾਨ ਸੜਕਾਂ ‘ਤੇ ਘੁੰਮਦਾ ਦੇਖਿਆ ਗਿਆ। ਵੀਡੀਓ ‘ਚ ਸ਼ੇਰ ਸ਼ਾਂਤੀ ਨਾਲ ਸੜਕਾਂ ‘ਤੇ ਘੁੰਮਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਅਫਸਰਾਂ ਨੂੰ ਵੀ ਸ਼ੇਰ ਦਾ ਪਿੱਛਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਜੋ ਉਸ ਨੂੰ ਫੜਨ ਲਈ ਸਹੀ ਮੌਕੇ ਦੀ ਤਲਾਸ਼ ‘ਚ ਸਨ।

ਮੇਅਰ ਅਲੇਸੈਂਡਰੋ ਗ੍ਰੈਂਡੋ ਨੇ ਸ਼ਹਿਰ ਵਿੱਚ ਸ਼ੇਰ ਦੀ ਮੌਜੂਦਗੀ ਬਾਰੇ ਨਿਵਾਸੀਆਂ ਨੂੰ ਸੁਚੇਤ ਕੀਤਾ ਅਤੇ ਉਨ੍ਹਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀ ਟੀਮ ਨੂੰ ਸਾਈਟ ‘ਤੇ ਭੇਜ ਦਿੱਤਾ ਗਿਆ ਹੈ। ਸਥਾਨਕ ਨਿਊਜ਼ ਆਊਟਲੈੱਟ ਕੋਰੀਏਰ ਡੇਲਾ ਸੇਰਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ੇਰ ਨੂੰ ਫੜਨ ਵਿਚ ਕਰੀਬ ਸੱਤ ਘੰਟੇ ਲੱਗੇ। ਜਦੋਂ ਸ਼ੇਰ ਨੂੰ ਪਹਿਲੀ ਸੈਡੇਟਿਵ (ਨਸ਼ੀਲੀ ਦਵਾਈ) ਦਿੱਤੀ ਗਈ ਤਾਂ ਉਹ ਸੌਣ ਤੋਂ ਬਾਅਦ ਅਚਾਨਕ ਜਾਗ ਗਿਆ। ਇਸ ਤੋਂ ਬਾਅਦ ਉਸ ਨੂੰ ਦੁਬਾਰਾ ਸੈਡੇਟਿਵ ਦੇਣਾ ਪਿਆ। ਰਾਤ ਕਰੀਬ 10 ਵਜੇ ਉਸ ‘ਤੇ ਪੂਰੀ ਤਰ੍ਹਾਂ ਕਾਬੂ ਕਰ ਲਿਆ ਗਿਆ।

ਆਪਣੇ ਮੂਲ ਸੰਦੇਸ਼ ਤੋਂ ਕਈ ਘੰਟਿਆਂ ਬਾਅਦ ਮੇਅਰ ਨੇ ਦੱਸਿਆ ਕਿ ਸ਼ੇਰ ਨੂੰ ਫੜ ਲਿਆ ਗਿਆ ਸੀ ਅਤੇ ਸਰਕਸ ਵਿੱਚ ਵਾਪਸ ਲਿਜਾਇਆ ਗਿਆ ਸੀ। ਮੇਅਰ ਨੇ ਕਿਹਾ, ‘ਸੂਬਾ ਪੁਲਸ, ਕਾਰਬਿਨੇਰੀ, ਫਾਇਰਫਾਈਟਰਜ਼, ਸਥਾਨਕ ਅਤੇ ਸੂਬਾਈ ਪੁਲਸ, ਏਐਸਐਲ ਅਤੇ ਸਾਰੇ ਵਲੰਟੀਅਰਾਂ ਦਾ ਧੰਨਵਾਦ, ਜਿਨ੍ਹਾਂ ਨੇ ਇਸ ਦੌਰਾਨ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।’ ਉਨ੍ਹਾਂ ਕਿਹਾ, ‘ਮੈਨੂੰ ਉਮੀਦ ਹੈ ਕਿ ਇਹ ਘਟਨਾ ਕੁਝ ਲੋਕਾਂ ਦੀ ਜ਼ਮੀਰ ਨੂੰ ਝੰਜੋੜ ਸਕਦੀ ਹੈ। ਅਤੇ ਅਸੀਂ ਅੰਤ ਵਿੱਚ ਸਰਕਸਾਂ ਵਿੱਚ ਜਾਨਵਰਾਂ ਦੇ ਸ਼ੋਸ਼ਣ ਨੂੰ ਖ਼ਤਮ ਕਰ ਸਕਦੇ ਹਾਂ। ਸਪੇਨ-ਅਧਾਰਤ EFE ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਘਟਨਾ ਤੋਂ ਬਾਅਦ ਮੇਅਰ ਦੀ ਸਰਕਸ ਪ੍ਰਬੰਧਨ ਨੂੰ ਸ਼ਹਿਰ ਵਿੱਚ ਰਹਿਣ ਦੀ ਇਜਾਜ਼ਤ ਦੇਣ ਲਈ ਆਲੋਚਨਾ ਕੀਤੀ ਗਈ ਸੀ। ਹਾਲਾਂਕਿ ਮੇਅਰ ਨੇ ਸਪੱਸ਼ਟ ਕੀਤਾ ਕਿ ਸਰਕਸ ਨੂੰ ਸਿਟੀ ਅਥਾਰਟੀ ਦੁਆਰਾ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਇਹ ਇੱਕ ਖੁਦਮੁਖਤਿਆਰੀ ਮਾਮਲਾ ਸੀ।

Add a Comment

Your email address will not be published. Required fields are marked *