ਅਮਰੀਕਾ ‘ਤੇ 11 ਸਤੰਬਰ ਦੇ ਹਮਲੇ ਦੇ ਯਾਦਗਾਰੀ ਸਮਾਰੋਹ ‘ਚ ਸਿੱਖ ਭਾਈਚਾਰੇ ਨੇ ਕੀਤੀ ਸ਼ਮੂਲੀਅਤ

ਨਿਊਯਾਰਕ – ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕੀ ਲੋਕਾਂ ਨਾਲ 11 ਸਤੰਬਰ, 2001 ਨੂੰ ਨਿਊਯਾਰਕ ਵਿਖੇ ਵਰਲਡ ਟਰੇਡ ਸੈਂਟਰ ਟਾਵਰਾਂ ਅਤੇ ਪੈਂਟਾਗਨ ‘ਤੇ ਹੋਏ ਅੱਤਵਾਦੀ ਹਮਲਿਆਂ ਦੀ 21ਵੀਂ ਵਰ੍ਹੇਗੰਢ ਮਨਾਉਂਦੇ ਹੋਏ ਬੀਵਰਕ੍ਰੀਕ ਦੇ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ। ਇਸ ਸਲਾਨਾ ਯਾਦਗਾਰੀ ਸਮਾਰੋਹ ਦਾ ਆਯੋਜਨ ਬੀਵਰਕ੍ਰੀਕ ਦੇ 9/11 ਮੈਮੋਰੀਅਲ ਵਿਖੇ ਕੀਤਾ ਗਿਆ ਸੀ ਤਾਂ ਜੋ ਉਸ ਦਿਨ ਗੁਆਚੀਆਂ ਜਾਨਾਂ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਸਕੇ। ਇਹਨਾਂ ਟਾਵਰ ਦੀਆਂ ਇਮਾਰਤਾਂ ਵਿੱਚ ਅਤੇ ਆਲੇ ਦੁਆਲੇ 2600 ਤੋਂ ਵੱਧ ਲੋਕ ਮਾਰੇ ਗਏ ਸਨ ਜਦੋਂ ਅੱਤਵਾਦੀਆਂ ਨੇ ਹਵਾਈ ਜਹਾਜ਼ਾਂ ਨੂੰ ਅਗਵਾ ਕੀਤਾ ਅਤੇ ਟਾਵਰਾਂ ਨਾਲ ਟਕਰਾਅ ਦਿੱਤਾ। 186 ਲੋਕ ਪੈਂਟਾਗਨ ਵਿਖੇ ਜਹਾਜ਼ ਨਾਲ ਕੀਤੇ ਗਏ ਹਮਲੇ ਅਤੇ 40 ਪੈਨਸਿਲਵੇਨੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਸਨ।

ਬੀਵਰਕ੍ਰੀਕ ਦੇ ਇਸ 9/11 ਮੈਮੋਰੀਅਲ ਵਿੱਚ ਸਟੀਲ ਦਾ ਇੱਕ 25-ਫੁੱਟ ਉੱਚਾ ਮੁੜਿਆ ਹੋਇਆ ਪਿਲਰ ਸਥਾਪਿਤ ਕੀਤਾ ਗਿਆ ਹੈ, ਜੋ ਹਮਲੇ ਤੋਂ ਪਹਿਲਾਂ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਦੀਆਂ 101ਵੀਂ ਅਤੇ 105ਵੀਂ ਮੰਜ਼ਿਲਾਂ ਦੇ ਵਿਚਕਾਰ ਲੱਗਾ ਹੋਇਆ ਸੀ। ਇਸ ਟੁਕੜੇ ਨੂੰ ਦੋ ਅੱਗ ਬੁਝਾਉ ਦਸਤਿਆਂ ਦੁਆਰਾ ਬੀਵਰਕ੍ਰੀਕ ਵਿੱਚ ਲਿਆਂਦਾ ਗਿਆ ਸੀ ਜੋ ਓਹਾਇੳ ਟਾਸਕ ਫੋਰਸ ਵਨ ਦਾ ਹਿੱਸਾ ਸਨ ਅਤੇ ਇਹਨਾਂ ਨੇ ਨਿਊਯਾਰਕ ਵਿੱਚ ਗਰਾਊਂਡ ਜ਼ੀਰੋ ਵਿਖੇ ਬਚਾਅ ਕਾਰਜਾਂ ਵਿੱਚ ਸਹਾਇਤਾ ਕੀਤੀ ਸੀ। ਸਮਾਰੋਹ ਵਿੱਚ ਯਾਦਗਾਰ ‘ਤੇ ਝੰਡਾ ਨੀਵਾਂ ਕੀਤਾ ਗਿਆ, ਫੌਜ ਦੇ ਜਵਾਨਾਂ ਵੱਲੋ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਇੱਕ ਰਸਮੀ ਘੰਟੀ ਵਜਾਈ ਗਈ। ਬੀਵਰਕ੍ਰੀਕ ਦੇ ਮੇਅਰ ਬੌਬ ਸਟੋਨ ਨੇ ਸ਼ਰਧਾਂਜਲੀ ਸੰਦੇਸ਼ ਦਿੱਤਾ। ਗ੍ਰੀਨ ਕਾਉਂਟੀ ਦੇ ਕਮਿਸ਼ਨਰ ਰਿੱਕ ਪਿਰੈਲਸ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

PunjabKesari

ਸਮਾਰੋਹ ਵਿੱਚ ਸ਼ਾਮਲ ਹੋਏ ਸਿੱਖ ਭਾਈਚਾਰੇ ਦੇ ਕਾਰਕੁਨ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅਸੀਂ ਇਸ ਸਮਾਰੋਹ ਵਿੱਚ ਉਨ੍ਹਾਂ ਪੁਰਸ਼ਾਂ ਅਤੇ ਔਰਤਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ, ਜਿਨ੍ਹਾਂ ਨੇ ਇਹਨਾਂ ਹਮਲਿਆਂ ਵਿੱਚ ਆਪਣੀ ਜਾਣ ਗੁਆ ਦਿੱਤੀ ਅਤੇ ਜਿਸ ਵਿੱਚ ਅੱਗ ਬੁਝਾਊ ਅਮਲੇ ਦੇ ਮੈਂਬਰ, ਪੁਲਸ ਅਧਿਕਾਰੀ ਤੇ ਮੈਡੀਕਲ ਸੇਵਾਵਾਂ ਦੇ ਅਮਲੇ ਵੀ ਸ਼ਾਮਲ ਸਨ। ਅਸੀਂ ਫੌਜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਗੁਮਟਾਲਾ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਭਾਈਚਾਰੇ ਵਲੋਂ ਬਲਬੀਰ ਸਿੰਘ ਸੋਢੀ ਨੂੰ ਵੀ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਇਸ ਹਮਲੇ ਤੋਂ ਚਾਰ ਦਿਨ ਬਾਅਦ ਉਹਨਾਂ ਦੇ ਮੀਸਾ, ਐਰੀਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਜਿੰਨਾ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਨਾਲ ਸੀ।

ਦੱਸਣਯੋਗ ਹੈ ਕਿ ਉਸ ਸਮੇਂ ਹਮਲਾਵਰ 11 ਸਤੰਬਰ ਦੇ ਹਮਲਿਆਂ ਦਾ ਬਦਲਾ ਲੈਣ ਲਈ “ਮੁਸਲਮਾਨਾਂ ਨੂੰ ਮਾਰਨਾ” ਚਾਹੁੰਦਾ ਸੀ। ਇਹ 9/11 ਦੇ ਹਮਲੇ ਤੋਂ ਬਾਦ ਦਾ ਪਹਿਲਾ ਘਾਤਕ ਨਫ਼ਰਤੀ ਅਪਰਾਧ ਸੀ। ਇਸ ਤੋਂ ਬਾਅਦ ਸਿੱਖਾਂ, ਮੁਸਲਮਾਨਾਂ, ਦੱਖਣੀ ਏਸ਼ੀਆਈ ਅਤੇ ਹੋਰਨਾਂ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੀਆਂ ਘਟਨਾਵਾਂ ਦੀ ਇੱਕ ਲਹਿਰ ਦੀ ਸ਼ੁਰੂਆਤ ਹੋਈ ਸੀ। ਡੇਟਨ ਅਤੇ ਇਸ ਦੇ ਨਾਲ ਲੱਗਦੇ ਸ਼ਹਿਰ ਸਿਨਸਿਨਾਟੀ ਦੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਬਾਕੀ ਦੇਸ਼ ਦੇ ਗੁਰਦੁਆਰਿਆਂ ਵਿਖੇ ਵੀ ਮਾਰੇ ਗਏ ਲੋਕਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਸਮਾਰੋਹ ਵਿੱਚ ਸਿੱਖ ਭਾਈਚਾਰੇ ਤੋਂ ਡਾਕਟਰ ਚਰਨਜੀਤ ਸਿੰਘ ਗੁਮਟਾਲਾ, ਅਵਤਾਰ ਸਿੰਘ ਸਪਰਿੰਗਫੀਲਡ, ਰਾਜਪਾਲ ਸਿੰਘ, ਰਾਈਟ ਸਟੇਟ ਯੁਨੀਵਰਸਿਟੀ ਦੇ ਵਿਦਿਆਰਥੀ ਹਰਰੂਪ ਸਿੰਘ, ਹਰਸ਼ਦੀਪ ਸਿੰਘ, ਨਵਰਤਨ ਸਿੰਘ ਆਦਿ ਸ਼ਾਮਲ ਹੋਏ।ਇੱਥੇ ਇਹ ਦੱਸਣਯੋਗ  ਹੈ ਕਿ ਵਰਲਡ ਟਰੇਡ ਸੈਂਟਰ ਦੇ ਬਹੁਰ ਸਾਰੇ ਇਹਨਾਂ ਪਿਲਰਾਂ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣਾਈਆਂ ਯਾਦਗਾਰਾਂ ‘ਤੇ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਕ ਕਿਸੇ ਵੀ ਸਮੇਂ ਸ਼ਰਧਾਂਜਲੀ ਭੇਂਟ ਕਰ ਸਕਦੇ ਹਨ।

Add a Comment

Your email address will not be published. Required fields are marked *