ਆਸਟ੍ਰੇਲੀਆ : ਡੇਲਸਫੋਰਡ ਹਾਦਸੇ ਦੇ ਮ੍ਰਿਤਕਾਂ ਦੀ ਪਛਾਣ ਜਾਰੀ

ਮੈਲਬੌਰਨ – ਆਸਟ੍ਰੇਲੀਆ ਵਿਖੇ ਮੈਲਬੌਰਨ ਤੋਂ ਲਗਭਗ 110 ਕਿਮੀ. ਉੱਤਰ ਪੱਛਮੀ ਇਲਾਕੇ ਡੇਲਸਫੋਰਡ ‘ਚ ਵਾਪਰੇ ਦਰਦਨਾਕ ਹਾਦਸੇ ਵਿੱਚ ਭਾਰਤੀ ਮੂਲ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਵਿਕਟੋਰੀਆ ਦੇ ਖੇਤਰੀ ਕਸਬੇ ਡੇਲੇਸਫੋਰਡ ਵਿੱਚ ਸਥਿਤ ਰੋਇਲ ਹੋਟਲ ਵਿੱਚ ਐਤਵਾਰ ਦੀ ਸ਼ਾਮ ਨੂੰ ਪ੍ਰਤਿਭਾ ਸ਼ਰਮਾ, ਉਸਦਾ ਪਤੀ ਜਤਿਨ ਚੁੱਘ ਅਤੇ ਉਹਨਾਂ ਦੀ ਧੀ ਅਨਵੀ  ਬੈਠੇ ਸਨ ਕਿ ਅਚਾਨਕ ਇੱਕ ਤੇਜ਼ ਰਫਤਾਰ ਵਿੱਚ ਆ ਰਹੀ ਚਿੱਟੇ ਰੰਗ ਦੀ ਬੀ ਐਮ ਡਬਲਿਊ ਕਾਰ ਬਾਹਰੀ ਮੇਜ਼ਾਂ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਪ੍ਰਤਿਭਾ ਸ਼ਰਮਾ ਅਤੇ ਜਤਿਨ ਚੁੱਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਉਹਨਾਂ ਦੀ 9 ਸਾਲਾ ਧੀ ਅਨਵੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖਮਾਂ ਦੀ ਤਾਬ ਨਾ ਸਹਾਰਦੀ ਹੋਈ ਦਮ ਤੋੜ ਗਈ।

ਜ਼ਿਕਰਯੋਗ ਹੈ ਕਿ ਮਰਹੂਮ ਪ੍ਰਤਿਭਾ ਸ਼ਰਮਾ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਸੀ। ਪ੍ਰਤਿਭਾ ਸ਼ਰਮਾ ਵਲੋਂ ਬੀਤੀਆਂ ਕੌਂਸਲ ਅਤੇ ਰਾਜ ਪੱਧਰੀ ਚੋਣਾਂ ‘ਚ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਸ ਤੋਂ ਇਲਾਵਾ ਉਹ ਜਸਟਿਸ ਆਫ ਪੀਸ ਅਤੇ ਮਾਈਗ੍ਰੇਸ਼ਨ ਏਜੰਟ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦਾ ਦੋਸਤ ਵਿਵੇਕ ਭਾਟੀਆ ਅਤੇ ਉਸਦਾ 11 ਸਾਲਾ ਪੁੱਤਰ ਵਿਹਾਨ ਵੀ ਜਾਨ ਗੁਆ ਗਏ। ਇਸ ਹਾਦਸੇ ਵਿੱਚ ਭਾਟੀਆ ਦੀ ਪਤਨੀ ਅਤੇ ਦੂਜਾ ਪੁੱਤਰ, ਦੋਵੇਂ ਜ਼ਖ਼ਮੀ ਹੋ ਗਏ। ਛੇ ਸਾਲ ਦਾ ਬੱਚਾ ਸ਼ੁਰੂ ਵਿੱਚ ਟੁੱਟੀਆਂ ਲੱਤਾਂ ਅਤੇ ਅੰਦਰੂਨੀ ਸੱਟਾਂ ਨਾਲ ਗੰਭੀਰ ਹਾਲਤ ਵਿੱਚ ਸੀ ਪਰ ਬਾਅਦ ਵਿੱਚ ਸਥਿਰ ਹੋ ਗਿਆ ਹੈ।

ਪੁਲਸ ਨੇ ਇਸ ਮਾਮਲੇ ਵਿੱਚ ਕਾਰ ਚਲਾ ਰਹੇ 66 ਸਾਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਪੂਰੇ ਮਾਮਲੇ ਦੀ ਤਫਦੀਸ਼ ਕੀਤੀ ਜਾ ਰਹੀ ਹੈ। ਇਸ ਦਿਲ ਕੰਬਾਊ ਹਾਦਸੇ ਕਾਰਨ ਪੂਰੇ ਭਾਈਚਾਰੇ ਵਿੱਚ ਸੋਗ ਦਾ ਮਾਹੌਲ ਹੈ। ਇਸ ਘਟਨਾ ਤੇ ਆਸਟ੍ਰੇਲੀਆ ਦੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

Add a Comment

Your email address will not be published. Required fields are marked *