ਸ਼ੁਭਮਨ ਗਿੱਲ ਦੇ ਆਊਟ ਹੁੰਦੇ ਹੀ ਸਾਰਾ ਤੇਂਦੁਲਕਰ ਹੋਈ ਨਿਰਾਸ਼
ਮੁੰਬਈ— ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸ਼੍ਰੀਲੰਕਾ ਖ਼ਿਲਾਫ਼ ਮੈਚ ‘ਚ 92 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਇਸ ਪਾਰੀ ‘ਚ ਉਨ੍ਹਾਂ ਨੇ 92 ਗੇਂਦਾਂ ਦਾ ਸਾਹਮਣਾ ਕੀਤਾ ਅਤੇ 11 ਚੌਕੇ ਅਤੇ 2 ਛੱਕੇ ਲਗਾਏ। ਹਾਲਾਂਕਿ, ਉਹ ਆਪਣੇ 7ਵੇਂ ਵਨਡੇ ਸੈਂਕੜੇ ਤੋਂ ਸਿਰਫ਼ 8 ਦੌੜਾਂ ਦੂਰ ਰਿਹਾ। ਸ਼ੁਭਮਨ ਗਿੱਲ ਸੈਂਕੜਾ ਲਗਾਉਣ ਤੋਂ ਖੁੰਝ ਜਾਣ ਤੋਂ ਬਾਅਦ ਕਾਫੀ ਨਿਰਾਸ਼ ਸਨ। ਹਾਲਾਂਕਿ ਸ਼ੁਭਮਨ ਹੀ ਨਹੀਂ, ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਮੈਚ ਦੇਖਣ ਪਹੁੰਚੀ ਸਚਿਨ ਤੇਂਦੁਲਕਰ ਦੀ ਧੀ ਸਾਰਾ ਵੀ ਨਿਰਾਸ਼ ਹੋ ਗਈ।
ਸ਼ੁਭਮਨ ਦੀ ਬੱਲੇਬਾਜ਼ੀ ਨੂੰ ਦੇਖ ਕੇ ਸਾਰਾ ਤੇਂਦੁਲਕਰ ਕਾਫ਼ੀ ਖੁਸ਼ ਨਜ਼ਰ ਆ ਰਹੀ ਸੀ ਪਰ ਜਿਵੇਂ ਹੀ ਉਹ ਆਊਟ ਹੋਏ ਤਾਂ ਪੂਰੇ ਸਟੇਡੀਅਮ ‘ਚ ਸੰਨਾਟਾ ਛਾ ਗਿਆ। ਇਸ ਦੌਰਾਨ ਜਦੋਂ ਕੈਮਰਾ ਸਾਰਾ ਤੇਂਦੁਲਕਰ ਵੱਲ ਗਿਆ ਤਾਂ ਉਨ੍ਹਾਂ ਦੀ ਪ੍ਰਤੀਕਿਰਿਆ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗਾ ਹੈ।
ਮੈਚ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਸ਼ੁਭਮਨ ਗਿੱਲ ਨੇ ਤੇਜ਼ੀ ਨਾਲ ਆਪਣਾ ਗੇਅਰ ਬਦਲ ਲਿਆ। ਕੁਝ ਹੀ ਸਮੇਂ ਦੇ ਅੰਦਰ ਉਹ 90 ਦੌੜਾਂ ਦੇ ਸਕੋਰ ਤੱਕ ਪਹੁੰਚ ਗਿਆ, ਪਰ ਪਾਰੀ ਦੇ 30 ਓਵਰਾਂ ਦੀ ਆਖਰੀ ਗੇਂਦ ‘ਤੇ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਦਿਲਸ਼ਾਨ ਮਦੁਸ਼ੰਕਾ ਦੇ ਖ਼ਿਲਾਫ਼ ਆਊਟ ਹੋ ਗਿਆ। ਬੇਸ਼ੱਕ ਸ਼ੁਭਮਨ ਗਿੱਲ ਆਪਣਾ ਸੈਂਕੜਾ ਖੁੰਝ ਗਿਆ ਪਰ ਜਿਸ ਤਰ੍ਹਾਂ ਦੀ ਪਾਰੀ ਖੇਡੀ, ਉਸ ਨੂੰ ਦੇਖਦੇ ਹੋਏ ਸਾਰਾ ਤੇਂਦੁਲਕਰ ਨੇ ਵੀ ਖੜ੍ਹੇ ਹੋ ਕੇ ਉਸ ਦਾ ਹੌਸਲਾ ਵਧਾਇਆ।
ਸ਼੍ਰੀਲੰਕਾ ਖ਼ਿਲਾਫ਼ ਮੈਚ ‘ਚ ਟੀਮ ਇੰਡੀਆ ਨੂੰ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਭਾਰਤੀ ਟੀਮ ਨੇ ਸ਼ੁਭਮਨ (92), ਵਿਰਾਟ ਕੋਹਲੀ (88) ਅਤੇ ਸ਼੍ਰੇਅਸ ਅਈਅਰ (82) ਦੇ ਅਰਧ ਸੈਂਕੜਿਆਂ ਦੀ ਬਦੌਲਤ ਨਿਰਧਾਰਤ 50 ਓਵਰਾਂ ਦੀ ਖੇਡ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 357 ਦੌੜਾਂ ਬਣਾਈਆਂ। ਟੀਮ ਇੰਡੀਆ ਦੇ ਤਿੰਨ ਖਿਡਾਰੀ ਮੈਚ ‘ਚ ਆਪਣੇ ਸੈਂਕੜੇ ਤੋਂ ਖੁੰਝ ਗਏ ਪਰ ਇਸ ਤੋਂ ਬਾਅਦ ਸਕੋਰ 350 ਦੌੜਾਂ ਤੱਕ ਪਹੁੰਚ ਗਿਆ। ਸ਼੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ ਜ਼ਬਰਦਸਤ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਮੈਚ ਵਿੱਚ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। ਹਾਲਾਂਕਿ ਉਨ੍ਹਾਂ ਨੇ ਆਪਣੇ 10 ਓਵਰਾਂ ਦੇ ਸਪੈੱਲ ਵਿੱਚ 80 ਦੌੜਾਂ ਵੀ ਖਰਚ ਕਰ ਦਿੱਤੀਆਂ।

