ਹਾਦਸੇ ਮਗਰੋਂ ਭਾਰਤੀ ਟੀਮ ਵਿਚ ਪੰਤ ਦੀ ਜਗ੍ਹਾ ਬਾਰੇ ਬੋਲੇ ਕਪਤਾਨ ਹਾਰਦਿਕ ਪੰਡਯਾ

ਮੁੰਬਈ: ਭਾਰਤੀ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੇ ਸੋਮਵਾਰ ਨੂੰ ਸੜਕ ਹਾਦਸੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਟੀਮ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ। ਪੰਡਯਾ ਨੇ ਸ਼੍ਰੀਲੰਕਾ ਦੇ ਖ਼ਿਲਾਫ਼ ਪਹਿਲੇ ਟੀ-20 ਤੋਂ ਇਕ ਦਿਨ ਪਹਿਲਾਂ ਕਿਹਾ ਕਿ ਜੋ ਹੋਇਆ ਉਹ ਬਹੁਤ ਮੰਦਭਾਗਾ ਸੀ। ਇਸ ‘ਤੇ ਕਿਸੇ ਦਾ ਵੱਸ ਨਹੀਂ ਸੀ ਅਤੇ ਇਕ ਟੀਮ ਵਜੋਂ ਅਸੀਂ ਪੰਤ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ। ਸਾਡਾ ਪਿਆਰ ਅਤੇ ਪ੍ਰਾਰਥਨਾਵਾਂ ਹਮੇਸ਼ਾ ਉਸ ਦੇ ਨਾਲ ਹਨ ਅਤੇ ਅਸੀਂ ਉਸ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਿਛਲੇ ਸ਼ੁੱਕਰਵਾਰ ਤੜਕੇ ਰੁੜਕੀ ਵਿਚ ਆਪਣੇ ਪਰਿਵਾਰ ਨੂੰ ਮਿਲਣ ਲਈ ਜਾਂਦੇ ਸਮੇਂ ਇਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਹਾਦਸੇ ‘ਚ ਉਸ ਦੇ ਸਿਰ, ਪਿੱਠ, ਗੋਡੇ ਅਤੇ ਗਿੱਟੇ ‘ਤੇ ਸੱਟਾਂ ਲੱਗੀਆਂ ਹਨ ਅਤੇ ਫਿਲਹਾਲ ਉਹ ਦੇਹਰਾਦੂਨ ਦੇ ਮੈਕਸ ਹਸਪਤਾਲ ‘ਚ ਦਾਖਲ ਹੈ।

ਪੰਡਯਾ ਨੇ ਕਿਹਾ ਕਿ ਜ਼ਾਹਿਰ ਹੈ ਕਿ ਇਸ ਸੀਰੀਜ਼ ‘ਚ ਪੰਤ ਦਾ ਹੋਣਾ ਬਹੁਤ ਜ਼ਰੂਰੀ ਸੀ ਪਰ ਹੁਣ ਸਭ ਨੂੰ ਪਤਾ ਹੈ ਕਿ ਸਥਿਤੀ ਕਿੱਥੇ ਹੈ। ਹਾਂ, ਉਹ ਜਿਸ ਤਰ੍ਹਾਂ ਦਾ ਖਿਡਾਰੀ ਹੈ, ਜੇਕਰ ਉਹ ਇੱਥੇ ਹੁੰਦਾ ਤਾਂ ਬਹੁਤ ਫਰਕ ਪੈਣਾ ਸੀ। ਪਰ ਉਹ ਹੁਣ ਇਸ ਹਾਲਤ ‘ਚ ਨਹੀਂ ਹੈ। ਇਹ ਉਹ ਚੀਜ਼ ਹੈ ਜਿਸ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਖਿਡਾਰੀ ਹਨ ਜਿਨ੍ਹਾਂ ਨੂੰ ਮੌਕੇ ਮਿਲ ਸਕਦੇ ਹਨ। ਦੇਖਦੇ ਹਾਂ ਭਵਿੱਖ ਨੇ ਸਾਡੇ ਲਈ ਕੀ ਰੱਖਿਆ ਹੈ ਅਤੇ ਇਸ ਨਾਲ ਅੱਗੇ ਵਧਦੇ ਹਾਂ।

Add a Comment

Your email address will not be published. Required fields are marked *