ਫਗਵਾੜਾ ਦੇ ਬਹੁਚਰਚਿਤ ਗੋਲ਼ੀਕਾਂਡ ‘ਚ ਗ੍ਰਿਫ਼ਤਾਰ ਮੁਲਜ਼ਮ ਨੇ ਖੋਲ੍ਹੇ ਭੇਤ

ਫਗਵਾੜਾ – ਪਿੰਡ ਨਾਰੰਗਸ਼ਾਹਪੁਰ ਵਿਖੇ ਦੁਸਹਿਰੇ ਵਾਲੇ ਦਿਨ ਹੋਈ ਗੋਲੀਬਾਰੀ ਦੀ ਘਟਨਾ ਜਿਸ ਚ ਜਗਜੀਤ ਸਿੰਘ ਉਰਫ਼ ਮਨਜੀਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਨਾਰੰਗਸ਼ਾਹਪੁਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਸੀ ‘ਚ ਸਨਸਨੀਖੇਜ਼ ਖੁਲਾਸੇ ਹੋਏ ਹਨ। ਦਰਜ ਕੀਤੇ ਗਏ ਪੁਲਸ ਕੇਸ ‘ਚ ਸਾਰਾ ਮਾਮਲਾ ਆਪਸੀ ਪੁਰਾਣੀ ਪਰਿਵਾਰਕ ਦੁਸ਼ਮਣੀ ਦਾ ਰਿਹਾ ਹੈ। ਪੁਲਸ ਨੇ ਪੀੜਤ ਜਗਜੀਤ ਸਿੰਘ ਉਰਫ ਮਨਜੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ ਉਸ ਦੇ ਮਾਮੇ ਦੇ ਪੋਤੇ ਲਵਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਜੰਡਿਆਲਾ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਲਵਪ੍ਰੀਤ ਸਿੰਘ ਦੇ ਮਾਸੜ ਹਰਦੀਪ ਸਿੰਘ ਵਾਸੀ ਪਿੰਡ ਢੇਹ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਅਤੇ ਪੰਜ ਹੋਰ ਅਣਪਛਾਤੇ ਸਾਥੀਆਂ ਖ਼ਿਲਾਫ਼ ਥਾਣਾ ਸਤਨਾਮਪੁਰਾ ਵਿਖੇ ਧਾਰਾ 307,323,324,148,149,506,120 ਬੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਮੁਲਜ਼ਮ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਸ ਅਧਿਕਾਰੀਆਂ ਵੱਲੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗਜੀਤ ਸਿੰਘ ਉਰਫ ਮਨਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਹੈ ਕਿ ਲਵਪ੍ਰੀਤ ਸਿੰਘ ਉਸ ਦੇ ਮਾਮੇ ਦਾ ਪੋਤਾ ਹੈ ਅਤੇ ਉਸ ‘ਤੇ ਹੋਏ ਜਾਨਲੇਵਾ ਹਮਲੇ ‘ਚ ਦੋਸ਼ੀ ਹਰਦੀਪ ਸਿੰਘ ਨੇ ਲਵਪ੍ਰੀਤ ਸਿੰਘ ਨੂੰ ਅਸਲਾ ਅਤੇ ਗੋਲੀ ਸਿੱਕਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਅਣਪਛਾਤੇ ਹਮਲਾਵਰਾਂ ਨੂੰ ਉਸ ਦੇ ਘਰ ਭੇਜਿਆ ਜਾ ਚੁੱਕਾ ਹੈ। ਜਗਜੀਤ ਸਿੰਘ ਉਰਫ ਮਨਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਦੁਸਹਿਰੇ ਦੇ ਤਿਉਹਾਰ ਮੌਕੇ ਹੱਥ ‘ਚ ਪਿਸਤੌਲ ਫੜ ਕੇ ਉਸ ਦੇ ਘਰ ਆਇਆ ਸੀ ਅਤੇ ਉਸ ਦੇ ਨਾਲ ਅੱਧੀ ਦਰਜਨ ਦੇ ਕਰੀਬ ਸਾਥੀ ਵੀ ਸਨ, ਜਿਨ੍ਹਾਂ ਨੂੰ ਉਹ ਸਾਹਮਣੇ ਲਿਆਉਣ ‘ਤੇ ਪਛਾਣ ਸਕਦਾ ਸੀ। 

ਦੋਸ਼ੀ ਲਵਪ੍ਰੀਤ ਸਿੰਘ ਨੇ ਉਸ ‘ਤੇ ਇਕ ਤੋਂ ਬਾਅਦ ਇਕ 6 ਗੋਲ਼ੀਆਂ ਚਲਾਈਆਂ ਸਨ ਅਤੇ ਇਸ ਦੌਰਾਨ ਉਸ ਦੇ ਸਾਥੀਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਗੋਲ਼ੀਬਾਰੀ ਦੌਰਾਨ ਗੋਲ਼ੀਆਂ ਉਸ ਦੀਆਂ ਲੱਤਾਂ ‘ਤੇ ਲੱਗੀਆਂ। ਜਦੋਂ ਉਸ ਨੇ ਰੌਲਾ ਪਾਇਆ ਤਾਂ ਪਿੰਡ ਵਾਸੀ ਇਕੱਠੇ ਹੋ ਗਏ। ਇਸ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਸ ਨੇ ਮੌਕੇ ਤੋਂ 32 ਬੋਰ ਪਿਸਤੌਲ ਦੀਆਂ ਤਿੰਨ ਗੋਲ਼ੀਆਂ ਦੇ ਖਾਲੀ ਖੋਲੇ ਬਰਾਮਦ ਕੀਤੇ ਹਨ। ਖ਼ਬਰ ਲਿਖੇ ਜਾਣ ਤਕ ਪੁਲਸ ਇਸ ਮਾਮਲੇ ਵਿਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਇਹ ਮਾਮਲਾ ਅਜੇ ਵੀ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।  

Add a Comment

Your email address will not be published. Required fields are marked *