ਬਲਬੇੜਾ ਵਿੱਚ ਦੋ ਨੌਜਵਾਨਾਂ ਵੱਲੋਂ ਮਾਸੂਮ ਲੜਕੀ ਨਾਲ ਜਬਰ-ਜਨਾਹ

ਪਟਿਆਲਾ, 22 ਜਨਵਰੀ:- ਪਿੰਡ ਬਲਬੇੜਾ ਵਿੱਚ ਬੀਤੀ ਰਾਤ ਦੋ ਲੜਕਿਆਂ ਵੱਲੋਂ ਪਿੰਡ ਦੀ ਹੀ ਛੇਵੀਂ ਜਮਾਤ ’ਚ ਪੜ੍ਹਦੀ 11 ਸਾਲਾ ਇੱਕ ਲੜਕੀ ਨਾਲ ਚੱਲਦੀ ਕਾਰ ਵਿੱਚ ਕਥਿਤ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਬੱਚੀ ਜਦੋਂ ਆਪਣੇ ਚਾਚੇ ਦੇ ਘਰ ਜਾ ਰਹੀ ਸੀ, ਤਾਂ ਮੁਲਜ਼ਮਾਂ ਨੇ ਉਸ ਨੂੰ ਜਬਰੀ ਚੁੱਕ ਕੇ ਕਾਰ ਵਿਚ ਸੁੱਟ ਲਿਆ ਤੇ ਉਸ ਨਾਲ ਜਬਰ-ਜਨਾਹ ਕੀਤਾ। ਪੀੜਤ ਲੜਕੀ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ’ਚ ਪਟਿਆਲਾ ਸਥਿਤ ਹਸਪਤਾਲ ਵਿੱਚ ਇਕੱਠੇ ਹੋ ਗਏ। ਇਤਲਾਹ ਮਿਲਣ ’ਤੇ ਡੀਐੱਸਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਨੇ ਥਾਣਾ ਸਦਰ ਪਟਿਆਲਾ ਦੀ ਪੁਲੀਸ ਨੂੰ ਤੁਰੰਤ ਹਸਪਤਾਲ ਪਹੁੰਚ ਕੇ ਬਿਆਨ ਦਰਜ ਕਰਨ ਦੀ ਹਦਾਇਤ ਕੀਤੀ, ਜਿਸ ’ਤੇ ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ, ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੱਕ ਮਹਿਲਾ ਸਬ ਇੰਸਪੈਕਟਰ ਬਲਵੀਰ ਕੌਰ ਅਤੇ ਏਐੱਸਆਈ ਨਿਸ਼ਾਨ ਸਿੰਘ ਸਮੇਤ ਹੋਰ ਪੁਲੀਸ ਮੁਲਾਜ਼ਮ ਹਸਪਤਾਲ ਪੁੱਜੇ। ਬੱਚੀ ਦੇ ਪਿਤਾ ਨੇ ਪੁਲੀਸ ਕੋਲ਼ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸ ਦੀ 11 ਸਾਲਾ ਬੱਚੀ 21 ਜਨਵਰੀ ਰਾਤੀ ਕਰੀਬ 8 ਵਜੇ ਜਦੋਂ ਬਲਬੇੜਾ ’ਚ ਆਪਣੇ ਚਾਚੇ ਦੇ ਘਰ ਜਾ ਰਹੀ ਸੀ, ਤਾਂ ਇਕ ਸਵਿਫਟ ਕਾਰ ਵਿਚ ਸਵਾਰ ਪਿੰਡ ਦੇ ਦੋ ਲੜਕਿਆਂ, ਅਮਨਦੀਪ ਸਿੰਘ ਅਮਨੀ ਅਤੇ ਦਲਬੀਰ ਸਿੰਘ ਦੱਲੀ ਨੇ ਉਸ ਨੂੰ ਜਬਰੀ ਚੁੱਕ ਕੇ ਕਾਰ ਵਿਚ ਸੁੱਟ ਲਿਆ। ਫਿਰ ਮੁਲਜ਼ਮਾਂ ਨੇ ਉਸ ਨਾਲ ਚੱਲਦੀ ਕਾਰ ਵਿਚ ਕਥਿਤ ਜਬਰ-ਜਨਾਹ ਕੀਤਾ। ਸ਼ਿਕਾਇਤਕਰਤਾ ਨੇ ਆਖਿਆ ਕਿ ਲੜਕੀ ਨੇ ਜਦੋਂ ਘਰ ਆ ਕੇ ਸਾਰੀ ਗੱਲ ਦੱਸੀ ਅਤੇ ਉਨ੍ਹਾਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਕਰਵਾਇਆ।

ਉਧਰ ਐੱਸਐੱਸਪੀ ਵਰੁਣ ਸ਼ਰਮਾ ਆਈਪੀਐੱਸ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਦੋਵਾਂ ਲੜਕਿਆਂ ਖਿਲਾਫ਼ ਥਾਣਾ ਸਦਰ ਪਟਿਆਲਾ ਵਿਖੇ ਧਾਰਾ 376-ਡੀ, 506,366 ਸਮੇਤ ਪੋਸਕੋ ਐਕਟ 2012 ਦੀ ਧਾਰਾ 6 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਪਟਿਆਲਾ ਥਾਣੇ ’ਚ ਰੱਖਿਆ ਗਿਆ ਹੈ।

Add a Comment

Your email address will not be published. Required fields are marked *