ਬਿਸ਼ਨ ਸਿੰਘ ਬੇਦੀ ਦੀ ਮੌਤ ਮਗਰੋਂ ਪੁੱਤਰ ਅੰਗਦ ਲਈ ਸਲਮਾਨ ਖ਼ਾਨ ਨੇ ਲਿਖਿਆ ਖ਼ਾਸ ਸੁਨੇਹਾ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ 23 ਅਕਤੂਬਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਦੁਖਦ ਖ਼ਬਰ ਜਾਣ ਕੇ ਕ੍ਰਿਕਟ ਜਗਤ ਤੋਂ ਲੈ ਕੇ ਫ਼ਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਨੂੰ ਡੂੰਘਾ ਸਦਮਾ ਲੱਗਾ। ਇਸ ਦੁੱਖ ਦੀ ਘੜੀ ‘ਚ ਕਈ ਕਲਾਕਾਰ ਅੰਗਦ ਬੇਦੀ ਅਤੇ ਨੇਹਾ ਧੂਪੀਆ ਨੂੰ ਦਿਲਾਸਾ ਦੇ ਰਹੇ ਹਨ। ਇਸ ਤੋਂ ਇਲਾਵਾ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਅਨੁਪਮ ਖੇਰ ਅਤੇ ਅਮਿਤਾਭ ਬੱਚਨ ਵਰਗੀਆਂ ਫ਼ਿਲਮੀ ਹਸਤੀਆਂ ਤੋਂ ਇਲਾਵਾ ਪੰਜਾਬੀ ਕਲਾਕਾਰਾਂ ਨੇ ਵੀ ਬਿਸ਼ਨ ਸਿੰਘ ਬੇਦੀ ਨੂੰ ਸ਼ਰਧਾਂਜਲੀ ਦਿੱਤੀ। 

ਹਾਲ ਹੀ ‘ਚ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਮਹਾਨ ਕ੍ਰਿਕਟਰ ਨੂੰ ਸ਼ਰਧਾਂਜਲੀ ਦਿੰਦਿਆਂ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਅੰਗਦ ਬੇਦੀ ਨਾਲ ਦੁੱਖ ਸਾਂਝਾ ਕਰਦਿਆਂ ਲਿਖਿਆ, ”ਉੱਪਰ ਵਾਲਾ ਸਿਰ ਵੇਖ ਕੇ ਸਰਦਾਰੀ ਦਿੰਦਾ ਹੈ। ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਹੁਣ ਤੁਹਾਡੇ (ਅੰਗਦ ਬੇਦੀ ਦੇ) ਮੋਢਿਆਂ ’ਤੇ ਆ ਗਈ ਹੈ। ਤੁਹਾਡੇ ਡੈਡ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਹੁਣ ਤੁਸੀਂ ਪਰਿਵਾਰ ਦੇ ਮੁਖੀ ਹੋ। ਤੁਹਾਡੇ ਪਿਤਾ ਮਹਾਨ ਸਨ।”

ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ‘ਚ ਕੀਤਾ ਗਿਆ। ਬਿਸ਼ਨ ਸਿੰਘ ਬੇਦੀ ਦਾ ਅੰਤਿਮ ਸੰਸਕਾਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਅੰਗਦ ਬੇਦੀ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਕਾਫ਼ੀ ਭਾਵੁਕ ਨਜ਼ਰ ਆਏ। ਇਸ ਦੌਰਾਨ ਅੰਗਦ ਬੇਦੀ ਦੇ ਨਾਲ ਉਨ੍ਹਾਂ ਦੀ ਪਤਨੀ ਨੇਹਾ ਧੂਪੀਆ ਵੀ ਅੰਤਿਮ ਸੰਸਕਾਰ ਦੀਆਂ ਕੁਝ ਰਸਮਾਂ ਨਿਭਾਉਂਦੀ ਹੋਈ ਨਜ਼ਰ ਆਈ। ਤਸਵੀਰਾਂ ‘ਚ ਨੇਹਾ ਅਤੇ ਅੰਗਦ ਤੋਂ ਇਲਾਵਾ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸ਼ਰਮੀਲਾ ਟੈਗੋਰ ਵੀ ਨਜ਼ਰ ਆ ਰਹੀ ਹੈ। ਬਿਸ਼ਨ ਸਿੰਘ ਬੇਦੀ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਗ੍ਰਹਿ ਵਿਖੇ ਕਈ ਲੋਕ ਪਹੁੰਚੇ ਸਨ। ਰੋਹਨ ਜੇਤਲੀ, ਵਰਿੰਦਰ ਸਹਿਵਾਗ, ਜ਼ਹੀਰ ਖ਼ਾਨ, ਮੁਹੰਮਦ ਅਜ਼ਹਰੂਦੀਨ, ਕੀਰਤੀ ਆਜ਼ਾਦ, ਕਪਿਲ ਦੇਵ, ਸੰਸਦ ਮੈਂਬਰ ਰਮੇਸ਼ ਬਿਧੂੜੀ, ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਸਮੇਤ ਕਈ ਲੋਕ ਪਹੁੰਚੇ ਸਨ।

Add a Comment

Your email address will not be published. Required fields are marked *