ਮਾਧੁਰੀ ਦੀਕਸ਼ਿਤ ਭਾਰਤੀ ਸਿਨੇਮਾ ’ਚ ਯੋਗਦਾਨ ਲਈ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ

ਪਣਜੀ – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਇਥੇ ਭਾਰਤ ਦੇ 54ਵੇਂ ਕੌਮਾਂਤਰੀ ਫਿਲਮ ਮਹਾਉਤਸਵ ਦੀ ਉਦਘਾਟਨ ਕੀਤਾ। ਇਸ ਮੌਕੇ ਫਿਲਮ ਅਭਿਨੇਤਰੀ ਮਾਧੁਰੀ ਦੀਕਸ਼ਿਤ ਨੂੰ ਇਕ ਸ਼ਾਨਦਾਰ ਟ੍ਰਿਬਿਊਟ ਦਿੰਦੇ ਹੋਏ ਉਨ੍ਹਾਂ ਨੂੰ ਭਾਰਤੀ ਸਿਨੇਮਾ ’ਚ ਯੋਗਦਾਨ ਲਈ ਵਿਸ਼ੇਸ਼ ਮਾਨਤਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਅਨੁਰਾਗ ਠਾਕੁਰ ਨੇ ਫਿਲਮ ਮਹਾਉਤਸਵ ਦੇ ਇਸ ਸੀਜ਼ਨ ’ਚ ਐਵਾਰਡਾਂ ਦੀ ਇਕ ਨਵੀਂ ਸ਼੍ਰੇਣੀ-ਬੈਸਟ ਵੈੱਬ ਸੀਰੀਜ਼ (ਓ. ਟੀ. ਟੀ.) ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਨਾਲ ਹੀ ਹਾਲੀਵੁੱਡ ਅਭਿਨੇਤਾ ਅਤੇ ਨਿਰਮਾਤਾ ਮਾਈਕਲ ਡਗਲਸ ਨੂੰ 2023 ਲਈ ਵੱਕਾਰੀ ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਜਾਵੇਗਾ, ਇਸ ਦਾ ਵੀ ਐਲਾਨ ਕੀਤਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਦੇਸ਼ ’ਚ ਵਿਦੇਸ਼ੀ ਫਿਲਮ ਬਣਾਉਣ ਲਈ ਪ੍ਰੋਤਸਾਹਨ ਦੇਵੇਗਾ। ਇਸ ਲਈ ਫਿਲਮ ਨਿਰਮਾਣ ’ਚ ਜੋ ਖਰਚਾ ਆਏਗਾ, ਉਸ ’ਚ ਪ੍ਰੋਤਸਾਹਨ ਰਾਸ਼ੀ 40 ਫੀਸਦੀ ਤੱਕ ਵਧਾਈ ਜਾਵੇਗੀ। ਇਸ ਦੀ ਵੱਧ ਤੋਂ ਵੱਧ ਹੱਦ 30 ਕਰੋੜ ਰੁਪਏ (3.5 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ) ਹੋਵੇਗੀ, ਜਿਸ ’ਚ ਜ਼ਿਕਰਯੋਗ ਭਾਰਤੀ ਵਿਸ਼ਾ ਵਸਤੂ ਲਈ 5 ਫੀਸਦੀ ਦਾ ਵਾਧੂ ਬੋਨਸ ਸ਼ਾਮਲ ਹੋਵੇਗਾ।

ਠਾਕੁਰ ਨੇ ਕਿਹਾ ਕਿ ਭਾਰਤ ਦੇ ਆਕਾਰ ਅਤੇ ਵਿਸ਼ਾਲ ਸਮਰੱਥਾ ਨੂੰ ਦੇਖਦੇ ਹੋਏ ਦੇਸ਼ ’ਚ ਮੱਧ ਤੇ ਵੱਡੇ ਬਜਟ ਦੇ ਕੌਮਾਂਤਰੀ ਪ੍ਰਾਜੈਕਟਾਂ ਨੂੰ ਆਕਰਸ਼ਿਤ ਕਰਨ ਲਈ ਉੱਚ ਪ੍ਰੋਤਸਾਹਨ ਦੀ ਲੋੜ ਹੈ। ਕੇਂਦਰੀ ਮੰਤਰੀ ਠਾਕੁਰ ਨੇ ਮਹਿਲਾ ਸਸ਼ਕਤੀਕਰਨ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਸਾਲ ਦੇ ਮਹਾਉਤਸਵ ’ਚ 40 ਜ਼ਿਕਰਯੋਗ ਮਹਿਲਾ ਫਿਲਮ ਨਿਰਮਾਤਾਵਾਂ ਦੀਆਂ ਫਿਲਮਾਂ ਸ਼ਾਮਲ ਹੋਣਗੀਆਂ।

Add a Comment

Your email address will not be published. Required fields are marked *