ਕਬੱਡੀ ਖ਼ਿਡਾਰੀ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ ’ਚ ਆਡੀਓ ਵਾਇਰਲ

ਨਿਹਾਲ ਸਿੰਘ ਵਾਲਾ : ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੀ ਨੂੰ ਘਰ ਵਿਚ ਆ ਕੇ ਗੋਲ਼ੀਆਂ ਮਾਰ ਦਿੱਤੀਆਂ ਸੀ। ਇਸ ਵਾਰਦਾਤ ਵਿਚ ਕਬੱਡੀ ਖਿਡਾਰੀ ਬਿੰਦਰੀ ਸਖ਼ਤ ਜ਼ਖਮੀ ਹੋ ਗਿਆ ਸੀ। ਮਾਮਲੇ ਵਿਚ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ 5 ਵਿਅਕਤੀਆਂ ਦੇ ਬਾਏ ਨੇਮ ਅਤੇ ਦੋ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਵਿਚੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਅਤੇ ਥਾਣਾ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਵਿਚ ਵਿਦੇਸ਼ ਬੈਠੇ ਮਾਸਟਰਮਾਈਂਡ ਜਗਦੀਪ ਸਿੰਘ ਜੱਗਾ, ਉਸਦੇ ਪਿਤਾ ਜਤਿੰਦਰ ਸਿੰਘ, ਹਰਭਜਨ ਸਿੰਘ ਸੋਨੀ, ਨਿਰਮਲ ਸਿੰਘ ਅਤੇ ਸੁਖਦੀਪ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਹੈ ਜਦਕਿ ਦੋ ਅਣਪਛਾਤੇ ਸ਼ੂਟਰਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਜਤਿੰਦਰ ਸਿੰਘ ਅਤੇ ਹਰਭਜਨ ਸਿੰਘ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

ਦੂਸਰੇ ਪਾਸੇ ਇਸ ਘਟਨਾ ਦੇ ਮਾਸਟਰ ਮਾਈਂਡ ਜਗਦੀਪ ਸਿੰਘ ਜੱਗਾ ਜੋ ਕਿ ਵਿਦੇਸ਼ ਵਿਚ ਹੈ ਦੀ ਆਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਬੱਡੀ ਖਿਡਾਰੀ ਨੂੰ ਕਹਿ ਰਿਹਾ ਹੈ ਕਿ ਉਹ ਉਸ ਵੱਲੋਂ ਭੇਜਿਆ ਤੋਹਫਾ ਸਵਿਕਾਰ ਕਰੇ ਅਤੇ ਜੇਕਰ ਹਾਲੇ ਵੀ ਉਸਨੇ ਸਰਪੰਚੀ ਦੀ ਚੋਣ ਲੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸਦੇ ਸਿਰ ਵਿਚ ਗੋਲ਼ੀ ਮਾਰੇਗਾ। ਉਹ ਇਹ ਵੀ ਕਹਿ ਰਿਹਾ ਹੈ ਕਿ ਉਸਦੀ ਕਬੱਡੀ ਖਿਡਾਰੀ ਨਾਲ ਮਿੱਤਰਤਾ ਸੀ ਪਰ ਉਸ ਨੇ ਉਸਦੇ ਦੁਸ਼ਮਣਾਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਉਸ ਨਾਲ ਗੱਦਾਰੀ ਕੀਤੀ ਹੈ।

ਇਸ ਕਥਿਤ ਆਡੀਓ ਵਿਚ ਉਸਨੇ ਇਸ ਕੇਸ ਵਿਚ ਗਵਾਹ ਬਣਨ ਵਾਲਿਆਂ ਨੂੰ ਵੀ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਹਰਬਿੰਦਰ ਸਿੰਘ ਬਿੰਦਰੀ ਜੋ ਕਿ ਕਬੱਡੀ ਦਾ ਅੰਤਰਰਾਸ਼ਟਰੀ ਖਿਡਾਰੀ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਸੀ। ਉਸ ਨੂੰ ਆਮ ਆਦਮੀ ਪਾਰਟੀ ਵੱਲੋਂ ਧੂੜਕੋਟ ਰਣਸੀਂਹ ਤੋਂ ਸਰਪੰਚ ਦਾ ਉਮੀਦਵਾਰ ਵੀ ਐਲਾਣਿਆ ਗਿਆ ਹੈ। ਜਦਕਿ ਜਗਦੀਪ ਸਿੰਘ ਜੱਗਾ ਜੋ ਕਿ ਪਿੰਡ ਧੂੜਕੋਟ ਰਣਸੀਂਹ ਪਿੰਡ ਦਾ ਹੀ ਹੈ ਅਤੇ 10 ਸਾਲ ਤੋਂ ਵਿਦੇਸ਼ ਵਿਚ ਬੈਠਾ ਹੈ। ਉਹ ਇਸ ਗੱਲ ਤੋਂ ਖਫ਼ਾ ਸੀ। ਜਿਸ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

Add a Comment

Your email address will not be published. Required fields are marked *