ਚੀਨ ਨੇ ਰੱਖਿਆ ਮੰਤਰੀ ਲੀ ਸ਼ਾਂਗਫੂ ਨੂੰ ਕੀਤਾ ਬਰਖ਼ਾਸਤ

ਬੀਜਿੰਗ- ਚੀਨ ਨੇ ਲੀ ਸ਼ਾਂਗਫੂ ਨੂੰ ਰੱਖਿਆ ਮੰਤਰੀ ਅਤੇ ਸਟੇਟ ਕੌਂਸਲਰ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਸੀਸੀਟੀਵੀ ਦਾ ਹਵਾਲਾ ਦਿੰਦੇ ਹੋਏ ਇੱਕ ਸਮਾਚਾਰ ਏਜੰਸੀ ਨੇ ਦਾਅਵਾ ਕੀਤਾ ਕਿ ਦੇਸ਼ ਦੇ ਚੋਟੀ ਦੇ ਸੰਸਦ ਮੈਂਬਰਾਂ, ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਨੇ ਵੀ ਸਾਬਕਾ ਵਿਦੇਸ਼ ਮੰਤਰੀ ਕਿਨ ਗੈਂਗ ਨੂੰ ਸਟੇਟ ਕੌਂਸਲਰ ਦੇ ਅਹੁਦੇ ਤੋਂ ਹਟਾਉਣ ਲਈ ਵੋਟ ਕੀਤਾ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਆਖਰੀ ਵਾਰ ਤੀਸਰੇ ਅਫਰੀਕਾ ਚਾਈਨਾ ਪੀਸ ਐਂਡ ਸਕਿਓਰਿਟੀ ਫੋਰਮ ‘ਚ ਜਨਤਕ ਤੌਰ ‘ਤੇ ਦੇਖਿਆ ਗਿਆ ਸੀ। ਲੀ ਨੇ ਬੀਜਿੰਗ ਵਿੱਚ ਆਯੋਜਿਤ ਇਸ ਸੰਮੇਲਨ ਵਿੱਚ ਆਪਣਾ ਮੁੱਖ ਭਾਸ਼ਣ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਲੀ ਸ਼ਾਂਗਫੂ ਨੂੰ ਮਾਰਚ 2023 ਵਿੱਚ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜੁਲਾਈ ‘ਚ ਚੀਨੀ ਵਿਦੇਸ਼ ਮੰਤਰੀ ਕਿਨ ਗੈਂਗ ਦੇ ਲਾਪਤਾ ਹੋਣ ਤੋਂ ਬਾਅਦ ਸ਼ਾਂਗਫੂ ਦੇ ਲਾਪਤਾ ਹੋਣ ਦੀ ਖ਼ਬਰ ਆਈ ਸੀ। ਲੀ ਸ਼ਾਂਗਫੂ ਦੇ ਇਸ ਤਰ੍ਹਾਂ ਲਾਪਤਾ ਹੋਣ ਤੋਂ ਬਾਅਦ ਹਰ ਤਰ੍ਹਾਂ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ। ਚੀਨ ਦਾ ਰੱਖਿਆ ਮੰਤਰੀ ਉਦੋਂ ਲਾਪਤਾ ਹੋਇਆ ਹੈ ਜਦੋਂ ਕਿ ਪੰਜ ਸਾਲ ਪਹਿਲਾਂ ਕੀਤੇ ਗਏ ਹਾਰਡਵੇਅਰ ਦੀ ਖਰੀਦ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਜਾਂਚ ਜੁਲਾਈ ‘ਚ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਚੀਨੀ ਫੌਜ ਦਾ ਕਹਿਣਾ ਹੈ ਕਿ ਉਹ ਅਕਤੂਬਰ 2017 ਤੋਂ ਇਨ੍ਹਾਂ ਮੁੱਦਿਆਂ ਦੀ ਜਾਂਚ ਕਰ ਰਹੀ ਹੈ। ਬਲੂਮਬਰਗ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੀ ਸਤੰਬਰ 2017 ਤੋਂ 2022 ਤੱਕ ਉਪਕਰਣ ਵਿਭਾਗ ਵਿੱਚ ਨੌਕਰੀ ਕਰਦਾ ਸੀ। ਹਾਲਾਂਕਿ ਉਸ ‘ਤੇ ਕੋਈ ਦੋਸ਼ ਨਹੀਂ ਹਨ। 

ਕਿਨ ਨੂੰ ਕਈ ਮਹੀਨਿਆਂ ਤੋਂ ਜਨਤਕ ਤੌਰ ‘ਤੇ ਨਹੀਂ ਦੇਖਿਆ ਗਿਆ ਸੀ। ਉਸ ਬਾਰੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। 25 ਜੂਨ ਨੂੰ ਸ਼੍ਰੀਲੰਕਾ, ਵੀਅਤਨਾਮ ਅਤੇ ਰੂਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਕਿਨ ਨੂੰ ਜਨਤਕ ਤੌਰ ‘ਤੇ ਨਹੀਂ ਦੇਖਿਆ ਗਿਆ ਸੀ। ਕਿਨ ਦੇ ਲਾਪਤਾ ਹੋਣ ਬਾਰੇ ਅਟਕਲਾਂ ਵਿਚਕਾਰ ਇਹ ਡਰ ਸੀ ਕਿ ਉਹ ਠੀਕ ਨਹੀਂ ਹੈ। ਬਾਅਦ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਉਸਦੀ ਸ਼ਮੂਲੀਅਤ ਤੋਂ ਇਲਾਵਾ ਹਾਂਗਕਾਂਗ ਦੇ ਇੱਕ ਟੀਵੀ ਚੈਨਲ ਦੇ ਇੱਕ ਚੀਨੀ ਪੱਤਰਕਾਰ ਨਾਲ ਉਸਦੇ ਕਥਿਤ ਸਬੰਧਾਂ ਦੀਆਂ ਅਫਵਾਹਾਂ ਵੀ ਫੈਲੀਆਂ।

ਕਿਨ 2021 ਵਿੱਚ ਅਮਰੀਕਾ ਵਿੱਚ ਚੀਨ ਦੇ ਰਾਜਦੂਤ ਬਣੇ। ਉਨ੍ਹਾਂ ਨੂੰ ਥੋੜ੍ਹੇ ਜਿਹੇ ਕਾਰਜਕਾਲ ਤੋਂ ਬਾਅਦ ਪਿਛਲੇ ਸਾਲ ਦਸੰਬਰ ਵਿੱਚ ਵਿਦੇਸ਼ ਮੰਤਰੀ ਵਜੋਂ ਤਰੱਕੀ ਦਿੱਤੀ ਗਈ ਸੀ। ਕਿਨ ਇੱਕ ਪੇਸ਼ੇਵਰ ਡਿਪਲੋਮੈਟ ਹੈ ਅਤੇ ਉਸਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਭਰੋਸੇਮੰਦ ਸਹਿਯੋਗੀ ਮੰਨਿਆ ਜਾਂਦਾ ਹੈ। ਵਿਦੇਸ਼ ਮੰਤਰੀ ਹੋਣ ਦੇ ਨਾਤੇ, ਕਿਨ ਨੇ ਅਮਰੀਕਾ ‘ਤੇ ਲਾਂਚ ਕੀਤੇ ਗਏ ਸ਼ੱਕੀ ਚੀਨੀ ਜਾਸੂਸ ਗੁਬਾਰੇ ਦੇ ਮੁੱਦੇ ‘ਤੇ ਵਾਸ਼ਿੰਗਟਨ ਨੂੰ ਸਖ਼ਤ ਫਟਕਾਰ ਲਗਾਈ ਸੀ। ਇਸ ਤੋਂ ਪਹਿਲਾਂ ਕਿਨ ਅਮਰੀਕਾ ਵਿੱਚ ਬ੍ਰਿਟੇਨ ਦੇ ਰਾਜਦੂਤ ਵੀ ਰਹਿ ਚੁੱਕੇ ਹਨ।

ਪਹਿਲਾਂ ਜਾਰੀ ਕੀਤੀਆਂ ਰਿਪੋਰਟਾਂ ਅਨੁਸਾਰ ਮਾਹਰਾਂ ਦਾ ਮੰਨਣਾ ਹੈ ਕਿ ਮਸ਼ਹੂਰ ਹਸਤੀਆਂ ਨਾਲ ਕੀਤਾ ਗਿਆ ਵਿਵਹਾਰ ਚੀਨੀ ਸਰਕਾਰ ਦੀ ਆਪਣੀ ਸ਼ਕਤੀ ਨੂੰ ਕਿਸੇ ਵੀ ਚੁਣੌਤੀ ਤੋਂ ਬਚਣ ਦੇ ਯਤਨਾਂ ਨੂੰ ਦਰਸਾਉਂਦਾ ਹੈ। ਕਾਰੋਬਾਰੀਆਂ ਦੇ ਮਾਮਲੇ ਵਿਚ ਕਿਹਾ ਜਾਂਦਾ ਹੈ ਕਿ ਚੀਨ ਦੀ ਸੱਤਾਧਾਰੀ ਪਾਰਟੀ ਦੇਸ਼ ਦੇ ਨਿੱਜੀ ਕਾਰੋਬਾਰੀਆਂ ਦੇ ਹੱਥਾਂ ਵਿਚ ਵਾਧੂ ਦੌਲਤ ਨੂੰ ਆਪਣੇ ਲਈ ਸੰਭਾਵੀ ਖਤਰਾ ਮੰਨਦੀ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ਦੌਰਾਨ ਅਤੇ ਖਾਸ ਤੌਰ ‘ਤੇ ਪਿਛਲੇ ਕੁਝ ਸਾਲਾਂ ਦੌਰਾਨ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਰੁਝਾਨ ਵਧਿਆ ਹੈ। ਮੰਨਿਆ ਜਾਂਦਾ ਹੈ ਕਿ ਸੱਤਾ ਦਾ ਸਪਸ਼ਟ ਸੰਦੇਸ਼ ਇਹ ਹੈ ਕਿ ਕੋਈ ਵੀ ਪਾਰਟੀ ਤੋਂ ਉੱਪਰ ਜਾਂ ਉਸ ਦੀ ਪਹੁੰਚ ਤੋਂ ਬਾਹਰ ਨਹੀਂ ਹੈ।

Add a Comment

Your email address will not be published. Required fields are marked *