ਲਾਰੈਂਸ ਬਿਸ਼ਨੋਈ ਦਾ ਗਰੁੱਪ ਚਲਾਉਣ ਵਾਲਾ ਗੈਂਗਸਟਰ ਮਨੀ ਟੋਪੀ ਗ੍ਰਿਫ਼ਤਾਰ

ਜ਼ੀਰਕਪੁਰ – ਜ਼ੀਰਕਪੁਰ ਪੁਲਸ ਨੇ ਐਤਵਾਰ ਤੜਕੇ ਜੇਲ ਵਿਚ ਬੰਦ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਚਲਾਉਣ ਵਾਲੇ ਗੁਰਗੇ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਬਰਾਮਦ ਕੀਤਾ ਹੈ। ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਕੋਸ਼ਿਸ਼ ਵਿਚ ਉਸ ਦੀ ਲੱਤ ਟੁੱਟ ਗਈ ਅਤੇ ਹੁਣ ਹਸਪਤਾਲ ਵਿਚ ਦਾਖਲ ਹੈ। ਮੁਲਜ਼ਮ ਦੀ ਪਛਾਣ ਅਮਨਦੀਪ ਸਿੰਘ ਉਰਫ਼ ਮਨੀ ਟੋਪੀ ਵਜੋਂ ਹੋਈ ਹੈ। ਉਸਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਵਿਚ 7 ਕੇਸ ਦਰਜ ਹਨ।

ਜਾਣਕਾਰੀ ਮੁਤਾਬਿਕ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ਼.) ਲੰਬੇ ਸਮੇਂ ਤੋਂ ਲੋੜੀਂਦੇ ਗੈਂਗਸਟਰ ਮਨੀ ਟੋਪੀ ਦੀ ਭਾਲ ਕਰ ਰਹੀ ਸੀ। ਜ਼ੀਰਕਪੁਰ ਸਬ-ਡਵੀਜ਼ਨ ਪੁਲਸ ਵਲੋਂ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਸੀ। ਉਸ ਦੇ ਪਿਛਲੇ ਹਫ਼ਤੇ ਬਲਟਾਣਾ ਵਿਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਪਰ ਪੁਲਸ ਦੀ ਛਾਪੇਮਾਰੀ ਦਾ ਪਤਾ ਲੱਗਦਿਆਂ ਹੀ ਉਹ ਉਥੋਂ ਭੱਜ ਗਿਆ ਸੀ।

ਪੁਲਸ ਨੂੰ ਸ਼ਨੀਵਾਰ ਦੇਰ ਰਾਤ ਉਸ ਦੇ ਜ਼ੀਰਕਪੁਰ ਵਿਚ ਹੋਣ ਦੀ ਸੂਚਨਾ ਮਿਲੀ। ਥਾਣਾ ਸਦਰ ਦੇ ਐੱਸ. ਐੱਚ. ਓ. ਸਿਮਰਜੀਤ ਸਿੰਘ ਸ਼ੇਰਗਿੱਲ ਨੇ ਐਤਵਾਰ ਸਵੇਰੇ 2 ਵਜੇ ਜਾਲ ਵਿਛਾ ਕੇ ਉਸ ਨੂੰ ਘੇਰ ਲਿਆ। ਟੋਪੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਡਿੱਗਣ ਕਾਰਨ ਉਸ ਦੀ ਲੱਤ ਟੁੱਟ ਗਈ। ਪੁੱਛਗਿੱਛ ਤੋਂ ਬਾਅਦ ਦੇਰ ਰਾਤ ਉਸ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਹੋਇਆ। ਇਸ ਮਾਮਲੇ ਦੀ ਪੁਸ਼ਟੀ ਜ਼ਿਲਾ ਮੋਹਾਲੀ ਦੇ ਐੱਸ. ਪੀ. ਦਿਹਾਤੀ ਮਨਪ੍ਰੀਤ ਸਿੰਘ ਨੇ ਕਰਦਿਆਂ ਦੱਸਿਆ ਕਿ ਮੀਤ ਬਾਊਂਸਰ ਕਤਲ ਕਾਂਡ ਵਿਚ ਮਨੀ ਟੋਪੀ ਦਾ ਨਾਂ ਸੁਰਖੀਆਂ ਵਿਚ ਆਇਆ ਸੀ।

Add a Comment

Your email address will not be published. Required fields are marked *