ਗੈਂਗਸਟਰ ਦੀ ਪ੍ਰੇਮਿਕਾ ਦਿਵਿਆ ਹੱਤਿਆਕਾਂਡ ਦਾ ਮੁਲਜ਼ਮ ਬਲਰਾਜ ਪੱਛਮੀ ਬੰਗਾਲ ’ਚ ਗ੍ਰਿਫ਼ਤਾਰ

ਗੁੜਗਾਓਂ- ਗੈਂਗਸਟਰ ਦੀ ਪ੍ਰੇਮਿਕਾ ਅਤੇ ਮਾਡਲ ਦਿਵਿਆ ਪਾਹੂਜਾ ਦੇ ਕਤਲ ਤੋਂ ਬਾਅਦ ਲਾਸ਼ ਨੂੰ ਟਿਕਾਣੇ ਲਾਉਣ ਵਾਲੇ ਬਲਰਾਜ ਗਿੱਲ ਨੂੰ ਲੁੱਕ ਆਊਟ ਸਰਕੂਲਰ ਜਾਰੀ ਹੋਣ ਤੋਂ 24 ਘੰਟਿਆਂ ਬਾਅਦ ਹੀ ਪੱਛਮੀ ਬੰਗਾਲ ’ਚ ਇਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਦੂਜੇ ਮੁਲਜ਼ਮ ਰਵੀ ਬੰਗਾ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ। ਏ. ਸੀ.ਪੀ. ਕ੍ਰਾਈਮ ਵਰੁਣ ਦਹੀਆ ਨੇ ਬਲਰਾਜ ਗਿੱਲ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਪੱਛਮੀ ਬੰਗਾਲ ਤੋਂ ਡਿਟੇਨ ਕਰ ਲਿਆ ਗਿਆ ਹੈ।

ਡੀ. ਸੀ. ਪੀ. ਕ੍ਰਾਈਮ ਵਿਜੇ ਪ੍ਰਤਾਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੈਂਗਸਟਰ ਸੰਦੀਪ ਗਾਡੌਲੀ ਦੇ ਸਾਲ 2016 ’ਚ ਮੁੰਬਈ ’ਚ ਕਥਿਤ ਐਨਕਾਊਂਟਰ ਮਾਮਲੇ ’ਚ ਦਿਵਿਆ ਪਾਹੂਜਾ ਵੀ ਮੁਲਜ਼ਮ ਹੈ। ਉਹ ਜੁਲਾਈ 2023 ’ਚ ਹੀ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਈ ਸੀ। ਉਥੇ ਹੀ ਅਭਿਜੀਤ ਤੇ ਗੈਂਗਸਟਰ ਬਿੰਦਰ ਗੁਰਜਰ ਦੀ ਪਹਿਲਾਂ ਤੋਂ ਹੀ ਜਾਣ-ਪਛਾਣ ਸੀ ਤੇ ਦਿਵਿਆ ਪਾਹੂਜਾ ਬਿੰਦਰ ਰਾਹੀਂ ਅਭਿਜੀਤ ਦੇ ਸੰਪਰਕ ’ਚ ਆਈ ਸੀ।

ਅਭਿਜੀਤ ਤੇ ਦਿਵਿਆ ਪਾਹੂਜਾ ਤਿੰਨ ਮਹੀਨਿਆਂ ਤੋਂ ਰਿਲੇਸ਼ਨਸ਼ਿਪ ’ਚ ਸਨ। ਇਸ ਦੌਰਾਨ ਦਿਵਿਆ ਨੇ ਅਭਿਜੀਤ ਦੀਆਂ ਕੁਝ ਇਤਰਾਜ਼ਯੋਗ ਵੀਡੀਓ ਬਣਾਈਆਂ, ਜਿਨ੍ਹਾਂ ਨਾਲ ਉਹ ਅਭਿਜੀਤ ਨੂੰ ਬਲੈਕਮੇਲ ਕਰ ਰਹੀ ਸੀ। ਦਿਵਿਆ ਨੇ ਅਭਿਜੀਤ ਨੂੰ ਬਲੈਕਮੇਲ ਕਰਕੇ 6 ਲੱਖ ਰੁਪਏ ਵੀ ਲਏ ਸਨ। ਰੋਜ਼-ਰੋਜ਼ ਦੀ ਬਲੈਕਮੇਲਿੰਗ ਤੋਂ ਅਭਿਜੀਤ ਪ੍ਰੇਸ਼ਾਨ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਹੋਟਲ ਦੇ ਕਮਰੇ ’ਚ ਦਿਵਿਆ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਡੀ. ਸੀ. ਪੀ. ਨੇ ਦੱਸਿਆ ਕਿ ਗੈਂਗਸਟਰ ਬਿੰਦਰ ਗੁਰਜਰ ਦੇ ਜੇਲ ਜਾਣ ਤੋਂ ਬਾਅਦ ਅਭਿਜੀਤ ਹੀ ਬਿੰਦਰ ਦੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਰਿਹਾ ਸੀ।

Add a Comment

Your email address will not be published. Required fields are marked *