ਨਿਠਾਰੀ ਕਤਲ ਕੇਸ : ਜੇਲ ਤੋਂ ਬਾਹਰ ਆਇਆ ਪੰਧੇਰ

ਨੋਇਡਾ– 2006 ਦੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲੇ ਵਿੱਚ ਨੋਇਡਾ ਦੇ ਸਨਸਨੀਖੇਜ਼ ਨਿਠਾਰੀ ਕਤਲ ਕੇਸ ’ਚ ਇਲਾਹਾਬਾਦ ਹਾਈ ਕੋਰਟ ਵੱਲੋਂ ਬਰੀ ਕੀਤੇ ਜਾਣ ਤੋਂ ਤਿੰਨ ਦਿਨ ਬਾਅਦ ਮੋਨਿੰਦਰ ਸਿੰਘ ਪੰਧੇਰ ਨੂੰ ਸ਼ੁੱਕਰਵਾਰ ਗ੍ਰੇਟਰ ਨੋਇਡਾ ਦੀ ਲਕਸਰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ।

ਜੇਲ ਦੇ ਸੁਪਰਡੈਂਟ ਅਰੁਣ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੰਧੇਰ ਦੀ ਰਿਹਾਈ ਲਈ ਪਹਿਲਾ ਪਰਮਿਟ ਬੁੱਧਵਾਰ ਜੇਲ ’ਚ ਪਹੁੰਚਿਆ ਸੀ, ਜਦਕਿ ਦੂਜਾ ਸ਼ੁੱਕਰਵਾਰ ਪਹੁੰਚਿਆ। ਪੰਧੇਰ ਦੋ ਕੇਸਾਂ ਵਿੱਚ ਜੇਲ੍ਲ ਵਿੱਚ ਬੰਦ ਸੀ । ਦੋਵੇਂ ਪਰਮਿਟ ਮਿਲਣ ਮਗਰੋਂ ਉਸ ਨੂੰ ਜੇਲ ’ਚੋਂ ਰਿਹਾਅ ਕਰ ਦਿੱਤਾ ਗਿਆ । ਪੰਧੇਰ ਨੂੰ ਲੈਣ ਲਈ ਉਸ ਦਾ ਪੁੱਤਰ ਕਰਮਜੀਤ ਸਿੰਘ, ਵਕੀਲ ਅਤੇ ਕੁਝ ਪਰਿਵਾਰਕ ਮੈਂਬਰ ਜੇਲ ਦੇ ਬਾਹਰ ਮੌਜੂਦ ਸਨ।

65 ਸਾਲਾ ਪੰਧੇਰ ਦੁਪਹਿਰ 1.40 ਵਜੇ ਉੱਚ ਸੁਰੱਖਿਆ ਵਾਲੀ ਲਕਸਰ ਜੇਲ ਤੋਂ ਬਾਹਰ ਆਇਆ। ਉਸ ਸਮੇਂ ਉਸ ਨੇ ਚਿੱਟੇ ਰੰਗ ਦਾ ਪਠਾਨੀ ਸੂਟ ਪਾਇਆ ਹੋਇਆ ਸੀ। ਪੈਰਾਂ ਵਿਚ ਸਪੋਰਟਸ ਬੂਟ ਪਹਿਨੇ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਟੀ.ਬੀ. ਰੋਗ ਤੋਂ ਪੀੜਤ ਹੋਣ ਕਾਰਨ ਪੰਧੇਰ ਦੀ ਹਾਲਤ ਕਾਫੀ ਨਾਜ਼ੁਕ ਜਾਪ ਰਹੀ ਸੀ।

ਪੁਲਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ ਤਾਂ ਜੋ ਜੇਲ ਤੋਂ ਬਾਹਰ ਆਉਣ ’ਤੇ ਕੋਈ ਵੀ ਪੰਧੇਰ ‘ਤੇ ਹਮਲਾ ਨਾ ਕਰ ਸਕੇ। ਜੇਲ ਤੋਂ ਬਾਹਰ ਨਿਕਲਣ ’ਤੇ ਪੰਧੇਰ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ । ਉਹ ਚੁੱਪਚਾਪ ਆਪਣੇ ਪੁੱਤਰ ਨਾਲ ਕਾਰ ਵਿਚ ਬੈਠ ਕੇ ਚਲਾ ਗਿਆ।

Add a Comment

Your email address will not be published. Required fields are marked *