ਭਾਜਪਾ ਜਿੰਨੀਆਂ ਚੋਣਾਂ ਜਿੱਤੇਗੀ, ਵਿਰੋਧੀਆਂ ਦੇ ਹਮਲੇ ਵਧਣਗੇ: ਮੋਦੀ

ਨਵੀਂ ਦਿੱਲੀ, 28 ਮਾਰਚ-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਸਰਕਾਰ ’ਤੇ ਵਿਰੋਧੀ ਧਿਰ ਦੇ ਹਮਲਿਆਂ ਨੂੰ ਭਾਜਪਾ ਦੇ ਚੋਣਾਂ ’ਚ ਜ਼ਬਰਦਸਤ ਪ੍ਰਦਰਸ਼ਨ ਨਾਲ ਜੋੜਦਿਆਂ ਕਿਹਾ ਕਿ ਹਾਕਮ ਪਾਰਟੀ ਚੋਣਾਂ ’ਚ ਜਿੰਨੀਆਂ ਜਿੱਤਾਂ ਹਾਸਲ ਕਰਦੀ ਜਾਵੇਗੀ, ਉਨਾ ਹੀ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

ਮੋਦੀ ਨੇ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ’ਚ ਵਿਰੋਧੀ ਧਿਰਾਂ ਨੂੰ ਕਰਾਰੇ ਹੱਥੀਂ ਲਿਆ ਜਿਸ ਨੇ ਕਈ ਮੁੱਦਿਆਂ ’ਤੇ ਸਰਕਾਰ ਖ਼ਿਲਾਫ਼ ਮੋਰਚੇ ਖੋਲ੍ਹੇ ਹੋਏ ਹਨ। ਮੀਟਿੰਗ ਦੌਰਾਨ ਉਨ੍ਹਾਂ ਸੰਸਦ ਮੈਂਬਰਾਂ ਨੂੰ 6 ਅਪਰੈਲ ਨੂੰ ਪਾਰਟੀ ਦੇ ਸਥਾਪਨਾ ਦਿਵਸ ਤੇ 14 ਅਪਰੈਲ ਨੂੰ ਬੀ.ਆਰ. ਅੰਬੇਡਕਰ ਜੈਅੰਤੀ ਵਿਚਾਲੇ ਦੀ ਮਿਆਦ ਨੂੰ ਸਮਾਜਿਕ ਨਿਆਂ ਨੂੰ ਸਮਰਪਿਤ ਕਰਨ ਨੂੰ ਵੀ ਕਿਹਾ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਰ ਸ਼ਾਮ ਪਾਰਟੀ ਦੇ ਹੈੱਡਕੁਆਰਟਰ ਦੀ ਐਕਸਟੈਨਸ਼ਨ ਦਾ ਉਦਘਾਟਨ ਕੀਤਾ। ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਰਿਵਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਸਿਆਸੀ ਪਾਰਟੀਆਂ ਵਿਚਾਲੇ ਹੁਣ ਭਾਰਤੀ ਜਨਤਾ ਪਾਰਟੀ ਹੀ ਇੱਕੋ-ਇੱਕ ਆਲ ਇੰਡੀਆ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵਿਰੋਧੀਆਂ ਦੀਆਂ ਖਾਮੀਆਂ ਕੱਢਣ ਤੇ ਦੂਸ਼ਣਬਾਜ਼ੀ ਦੀ ਸਿਆਸਤ ਕਰਨ ਦੀ ਥਾਂ ਜ਼ਮੀਨੀ ਪੱਧਰ ’ਤੇ ਜਾ ਕੇ ਲੋਕਾਂ ਲਈ ਕੰਮ ਕੀਤਾ ਹੈ। ਉਨ੍ਹਾਂ ਭਾਜਪਾ ਦੇ ਇੱਕ ਛੋਟੀ ਜਿਹੀ ਸਿਆਸੀ ਜਥੇਬੰਦੀ ਤੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣਨ ਦਾ ਸਿਹਰਾ ਇਸ ਦੇ ਵਰਕਰਾਂ ਦੀ ਮਿਹਨਤ ਤੇ ਕੁਰਬਾਨੀਆਂ ਨੂੰ ਦਿੱਤਾ। ਉਨ੍ਹਾਂ ਕਿਹਾ, ‘ਭਾਜਪਾ ਨੇ ਆਪਣਾ ਸਫ਼ਰ ਸਿਰਫ਼ ਦੋ ਲੋਕ ਸਭਾ ਸੀਟਾਂ ਜਿੱਤਣ ਨਾਲ ਸ਼ੁਰੂ ਕੀਤਾ ਸੀ ਅਤੇ 2019 ’ਚ ਇਹ 303 ਸੀਟਾਂ ਤੱਕ ਪਹੁੰਚ ਗਈ। ਕਈ ਰਾਜਾਂ ’ਚ ਅਸੀਂ 50 ਫੀਸਦ ਤੋਂ ਵੱਧ ਵੋਟਾਂ ਹਾਸਲ ਕੀਤੀਆਂ।’ ਉਨ੍ਹਾਂ ਕਿਹਾ, ‘ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਸਿਰਫ਼ ਭਾਜਪਾ ਹੀ ਇੱਕ ਕੌਮੀ ਪਾਰਟੀ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਨਾ ਸਿਰਫ਼ ਦੁਨੀਆ ਦੀ ਸਭ ਤੋਂ ਵੱਡੀ ਬਲਕਿ ਸਭ ਤੋਂ ਵੱਧ ਭਵਿੱਖਮੁਖੀ ਪਾਰਟੀ ਵਜੋਂ ਵੀ ਉੱਭਰੀ ਹੈ ਅਤੇ ਇਸ ਦਾ ਟੀਚਾ ਸਿਰਫ਼ ਭਾਰਤ ਨੂੰ ਆਧੁਨਿਕ ਤੇ ਵਿਕਸਿਤ ਬਣਾਉਣਾ ਹੈ। ਇਸ ਮੌਕੇ ਉਨ੍ਹਾਂ ਵਿਰੋਧੀ ਧਿਰ ਬਾਰੇ ਕਿਹਾ ਕਿ ਸਾਰੇ ਭ੍ਰਿਸ਼ਟਾਚਾਰੀ ਇੱਕ ਮੰਚ ’ਤੇ ਇਕੱਠੇ ਹੋ ਗਏ ਹਨ ਪਰ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਜਾਰੀ ਰਹੇਗੀ।

Add a Comment

Your email address will not be published. Required fields are marked *