ਪੰਜਾਬ ਪੁਲਸ ਦੇ ਏ. ਐੱਸ. ਆਈ. ਦੀ ਧੀ ਨੇ ਕੈਨੇਡਾ ’ਚ ਹਾਸਲ ਕੀਤਾ ਵੱਡਾ ਮੁਕਾਮ

ਮੁੱਲਾਂਪੁਰ ਦਾਖਾ : ਪਿੰਡ ਮੋਰਕਰੀਮਾਂ ਦੀ ਰਮਨਦੀਪ ਕੌਰ ਨੇ ਕੈਨੇਡਾ ਦੇ ਐਲਬਰਟਾ ਸੂਬੇ ਵਿਚ ਪੁਲਸ ਅਫ਼ਸਰ ਬਣ ਕੇ ਪਿੰਡ, ਹਲਕਾ ਦਾਖਾ ਅਤੇ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਰਮਨਦੀਪ ਕੌਰ ਦੇ ਪਿਤਾ ਏ. ਐੱਸ. ਆਈ. ਹਰੀ ਸਿੰਘ ਪੁਲਸ ਵਿਭਾਗ ਵਿਚ ਬਤੌਰ ਰੀਡਰ, ਡੀ. ਸੀ. ਪੀ. (ਐਚ) ਲੁਧਿਆਣਾ ਵਿਖੇ ਤਾਇਨਾਤ ਹਨ। ਮਾਤਾ ਬਲਪ੍ਰੀਤ ਕੌਰ ਤੇ ਪਿਤਾ ਏ. ਐੱਸ. ਆਈ. ਹਰੀ ਸਿੰਘ ਦੇ ਘਰ ਜਨਮੀ ਰਮਨਦੀਪ ਕੌਰ ਨੇ ਆਪਣੀ ਪੜ੍ਹਾਈ ਮੈਡੀਕਲ ਸਟ੍ਰੀਮ ਵਿਚ ਸੈਕਰਟ ਹਾਰਟ ਕਾਨਵੈਂਟ ਸਕੂਲ, ਜਗਰਾਓਂ ਤੋਂ ਕੀਤੀ, ਉਪਰੰਤ ਅਗਲੇਰੀ ਸਿੱਖਿਆ ਲਈ ਕੈਨੇਡਾ ਚਲੀ ਗਈ ਸੀ। ਉੱਥੇ ਰਮਨਦੀਪ ਕੌਰ ਨੇ ਮੈਡੀਕਲ ਦੀ ਪੜ੍ਹਾਈ ਕਰਨ ਤੋਂ ਬਾਅਦ ਪੀ.ਆਰ. ਲੈ ਲਈ ਅਤੇ ਉੱਥੋਂ ਦੀ ਨਾਗਰਿਕਤਾ ਹਾਸਲ ਕੀਤੀ ਅਤੇ ਹੁਣ ਐਲਬਰਟਾ ਸਟੇਟ ਦੇ ਐਡਮਿੰਟਨ ਸ਼ਹਿਰ ਵਿਚ ਪੁਲਸ ਅਫ਼ਸਰ ਬਣ ਗਈ ਹੈ ਜੋ ਕਿ ਪੂਰੇ ਪਰਿਵਾਰ ਲਈ ਵੱਡੇ ਮਾਣ ਵਾਲੀ ਗੱਲ ਹੈ।

ਰਮਨਦੀਪ ਕੌਰ ਦੇ ਪਿਤਾ ਏ. ਐੱਸ. ਆਈ. ਹਰੀ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਬਚਪਨ ਤੋਂ ਹੀ ਉਨ੍ਹਾਂ ਨੂੰ ਵਰਦੀ ਵਿਚ ਦੇਖਦੀ ਆਈ ਹੈ ਜਿਸ ਕਰਕੇ ਪੁਲਸ ਦੀ ਯੂਨੀਫਾਰਮ ਨਾਲ ਛੋਟੀ ਉਮਰੇ ਹੀ ਲਗਾਅ ਪੈਦਾ ਹੋ ਗਿਆ ਸੀ। ਉਨ੍ਹਾਂ ਹਮੇਸ਼ਾ ਆਪਣੀ ਧੀ ਨੂੰ ਮਿਹਨਤ, ਈਮਾਨਦਾਰੀ ਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਆ ਹੈ ਅਤੇ ਹੁਣ ਉਨ੍ਹਾਂ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਧੀ ਬਤੌਰ ਪੁਲਸ ਅਫ਼ਸਰ ਸਮੁੱਚੇ ਪੰਜਾਬੀਆਂ ਦਾ ਸਿਰ ਫਕਰ ਨਾਲ ਉੱਚਾ ਕਰੇਗੀ । ਆਪਣੀ ਉਪਲੱਬਧੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਸਿਰ ਬੰਨ੍ਹਦਿਆਂ ਰਮਨਦੀਪ ਕੌਰ ਨੇ ਕਿਹਾ ਕਿ ਮਾਪਿਆਂ ਦੀ ਚੰਗੀ ਸੇਧ ਸਦਕਾ ਹੀ ਉਹ ਇਸ ਸੁਫ਼ਨੇ ਨੂੰ ਸਾਕਾਰ ਕਰ ਸਕੀ ਹੈ। ਉਸਨੇ ਕਿਹਾ ਕਿ ਉਸਦੇ ਮਾਪਿਆਂ ਨੇ ਉਸਨੂੰ ਚੰਗੀ ਸਿੱਖਿਆ ਤੇ ਸੰਸਕਾਰ ਦਿੱਤੇ ਹਨ ਅਤੇ ਹਮੇਸ਼ਾ ਹੀ ਅੱਗੇ ਵੱਧਦੇ ਰਹਿਣ ਲਈ ਪ੍ਰੇਰਿਤ ਕਰਦੇ ਹਨ। 

Add a Comment

Your email address will not be published. Required fields are marked *