ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ

ਜਲੰਧਰ- ਪੰਜਾਬ ‘ਚੋਂ ਫ਼ਰਾਰ ਹੋਏ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ 9 ਦਿਨ ਬਾਅਦ ਵੀ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। 18 ਮਾਰਚ ਤੋਂ ਸ਼ੁਰੂ ਹੋਇਆ ‘ਆਪਰੇਸ਼ਨ ਅੰਮ੍ਰਿਤਪਾਲ’ ਅੱਜ ਵੀ ਜਾਰੀ ਹੈ। ਪੰਜਾਬ ਤੋਂ ਲੈ ਕੇ ਨੇਪਾਲ ਸਰਹੱਦ ਤਕ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯੂ. ਪੀ. ਦੇ ਮਹਾਰਾਜਗੰਜ ’ਚ ਨੇਪਾਲ ਬਾਰਡਰ ’ਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਗਾਏ ਗਏ ਹਨ। ਇਸ ਤੋਂ ਇਲਾਵਾ ਦਿੱਲੀ ਅਤੇ ਦੇਸ਼ ਦੇ ਹੋਰ ਕਈ ਸੂਬਿਆਂ ਵਿਚ ਵੀ ਥਾਂ-ਥਾਂ ਛਾਪੇਮਾਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਮੁਤਾਬਕ ਦਿੱਲੀ ‘ਚ ਪੰਜਾਬ ਅਤੇ ਦਿੱਲੀ ਪੁਲਸ ਵੱਲੋਂ ਮਿਲ ਕੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਈ. ਐੱਸ. ਬੀ. ਟੀ. ਅਤੇ ਸਰਹੱਦੀ ਇਲਾਕਿਆਂ ‘ਚ ਪੁਲਸ ਦੀਆਂ ਟੀਮਾਂ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਦਿੱਲੀ ‘ਚ ਵੇਖੇ ਗਏ ਹਨ, ਜਿਸ ਤੋਂ ਬਾਅਦ ਪੰਜਾਬ ਅਤੇ ਦਿੱਲੀ ਪੁਲਸ ਦੀਆਂ ਟੀਮਾਂ ਉਨ੍ਹਾਂ ਦੀ ਭਾਲ ‘ਚ ਜੁੱਟ ਗਈਆਂ ਹਨ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ‘ਚੋਂ ਫ਼ਰਾਰ ਹੈ। ਅੰਮ੍ਰਿਤਸਰ ਨੇੜੇ ਅਜਨਾਲਾ ਪੁਲਸ ਥਾਣੇ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੰਜਾਬ ਪੁਲਸ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ। ਪੁਲਸ ਨੇ ਉਸ ਦੇ ਸਾਥੀਆਂ ਖ਼ਿਲਾਫ਼ ਵੀ ਵੱਡੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਅਤੇ ਕਈਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਜਾਰੀ ਛਾਪੇਮਾਰੀ ਦਰਮਿਆਨ ਪੁਲਸ ਨੇ ਸ਼ਹਿਰ ਦੇ ਬਾਹਰੀ ਇਲਾਕੇ ‘ਚ ਰਣਬੀਰ ਸਿੰਘ ਪੁਰਾ ਤੋਂ ਉਸ ਦੇ ਕਰੀਬੀ ਸਹਿਯੋਗੀ ਦੇ ਸੰਬੰਧਾਂ ਦੇ ਦੋਸ਼ ‘ਚ ਜੋੜੇ ਨੂੰ ਹਿਰਾਸਤ ‘ਚ ਲਿਆ ਹੈ। ਜੰਮੂ ਪੁਲਸ ਨੇ ਸ਼ਨੀਵਾਰ ਨੂੰ ਇਕ ਸੰਦੇਸ਼ ‘ਚ ਕਿਹਾ ਕਿ ਆਰ. ਐੱਸ. ਪੁਰਾ ਵਾਸੀ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਨਾਲ ਹੀ ਦੋਹਾਂ ਨੂੰ ਅੱਗੇ ਕਾਰਵਾਈ ਲਈ ਪੰਜਾਬ ਪੁਲਸ ਨੂੰ ਸੌਂਪ ਦਿੱਤਾ ਗਿਆ। ਜੋੜੇ ਨੂੰ ਪਪਲਪ੍ਰੀਤ ਸਿੰਘ (ਅੰਮ੍ਰਿਤਪਾਲ ਦੇ ਕਰੀਬੀ ਸਹਿਯੋਗੀ) ਨਾਲ ਸੰਬੰਧ ਹੋਣ ਦੇ ਦੋਸ਼ ‘ਚ ਹਿਰਾਸਤ ‘ਚ ਲਿਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਜਾਂਚ ਲਈ ਜੋੜੇ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਹ ਇਸ ਮਾਮਲੇ ‘ਚ ਜੋੜੇ ਤੋਂ ਪੁੱਛ-ਗਿੱਛ ਵੀ ਕਰਨਗੇ।” ਪਪਲਪ੍ਰੀਤ ਕਥਿਤ ਤੌਰ ‘ਤੇ ਅੰਮ੍ਰਿਤਪਾਲ ਨਾਲ ਕੰਮ ਕਰ ਰਿਹਾ ਸੀ, ਕਿਉਂਕਿ ਉਹ ਪਿਛਲੇ ਸਾਲ ਭਾਰਤ ਆਇਆ ਸੀ ਅਤੇ ਅਦਾਕਾਰ ਦੀਪ ਸਿੱਧੂ ਵਲੋਂ ਸਥਾਪਤ ਸੰਗਠਨ ‘ਵਾਰਿਸ ਪੰਜਾਬ ਦੇ’ ਦੀ ਵਾਗਡੋਰ ਸੰਭਾਲੀ ਸੀ। ਦੱਸਣਯੋਗ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। 

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੂੰ ਲੈ ਕੇ ਹੁਣ ਉੱਤਰਾਖੰਡ ਪੁਲਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਪੁਲਸ ਵੱਲੋਂ ਸਰਹੱਦੀ ਜ਼ਿਲ੍ਹਿਆਂ ‘ਚ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਦਰਅਸਲ ਅੰਮ੍ਰਿਤਪਾਲ ਦੇ ਪੰਜਾਬ ‘ਚੋਂ ਭੱਜਣ ਤੋਂ ਬਾਅਦ ਉੱਤਰਾਖੰਡ ‘ਚ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਦੇਹਰਾਦੂਨ, ਹਰਿਦੁਆਰ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਊਧਮ ਸਿੰਘ ਨਗਰ ‘ਚ ਅੰਮ੍ਰਿਤਪਾਲ ਦੇ ਪੋਸਟਰ ਲਾਏ ਗਏ ਹਨ। ਇਸ ਬਾਰੇ ਸੂਬੇ ਦੇ ਡੀ. ਜੀ. ਪੀ. ਅਸ਼ੋਕ ਕੁਮਾਰ ਨੇ ਕਿਹਾ ਕਿ ਅਜੇ ਪੰਜਾਬ ਪੁਲਸ ਤੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਸ ਸਰਹੱਦੀ ਜ਼ਿਲ੍ਹਿਆਂ ਦੇ ਨਾਲ ਹੀ ਅਜਿਹੀਆਂ ਥਾਵਾਂ ‘ਤੇ ਨਜ਼ਰ ਰੱਖ ਰਹੀ ਹੈ, ਜਿੱਥੇ ਅੰਮ੍ਰਿਤਪਾਲ ਦੇ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। 

ਅੰਮ੍ਰਿਤਪਾਲ ਦੇ ਫ਼ਰਾਰ ਹੋਣ ਦੇ ਕਈ ਦਿਨ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ। ਇਸ ਦਰਮਿਆਨ ਸੂਤਰਾਂ ਮੁਤਾਬਕ ਅੰਮ੍ਰਿਤਪਾਲ ਪੰਜਾਬ ਦੀ ਸਰਹੱਦ ਟੱਪ ਕੇ ਹਰਿਆਣਾ ਪਹੁੰਚ ਗਿਆ। ਹਰਿਆਣਾ ਦੇ ਸ਼ਾਹਬਾਦ ਵਿਚ ਸਥਿਤ ਸਿਧਾਰਥ ਕਾਲੋਨੀ ਦੇ ਇਕ ਘਰ ‘ਚ ਅੰਮ੍ਰਿਤਪਾਲ ਨੇ ਪਨਾਹ ਲਈ ਸੀ। ਹਾਲਾਂਕਿ ਸਥਾਨਕ ਪੁਲਸ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ 19-20 ਮਾਰਚ ਨੂੰ ਸ਼ਾਹਬਾਦ ਵਿਚ ਰੁਕਿਆ ਅਤੇ ਇਸ ਸਿਲਸਿਲੇ ਵਿਚ ਇਕ ਔਰਤ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ, ਜਿਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਹੁਣ ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੰਮ੍ਰਿਤਪਾਲ ਸ਼ਾਹਬਾਦ ਰਾਹੀਂ ਯਮੁਨਾਨਗਰ ਦੇ ਰਸਤਿਓਂ ਉੱਤਰਾਖੰਡ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦਾ ਹੈ, ਜਿਸ ਕਾਰਨ ਉੱਤਰਾਖੰਡ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਹੈ। 

18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ‘ਤੇ ਨੈਸ਼ਨਲ ਸਕਿਓਰਿਟੀ ਐਕਟ (NSA) ਲਗਾਇਆ ਗਿਆ ਸੀ। ਪੰਜਾਬ ਸਰਕਾਰ ਨੇ ਇਸ ਦੀ ਜਾਣਕਾਰੀ ਪੰਜਾਬ ਹਰਿਆਣਾ ਹਾਈਕੋਰਟ ਨੂੰ ਦਿੱਤੀ ਸੀ, ਜਿਸ ਦੇ ਜਵਾਬ ਵਿਚ ਹਾਈਕੋਰਟ ਨੇ ਕਿਹਾ ਸੀ ਕਿ ਇਹ ਖੁਫੀਆ ਏਜੰਸੀਆਂ ਦਾ ਫੇਲੀਅਰ ਦਾ ਹੈ। ਹਾਈਕੋਰਟ ਨੇ ਪੁੱਛਿਆ ਕਿ ਜੇਕਰ ਅੰਮ੍ਰਿਤਪਾਲ ਦੇਸ਼ ਲਈ ਖਤਰਾ ਹੈ ਤਾਂ ਉਹ ਫਰਾਰ ਕਿਉਂ ਹੈ? 80 ਹਜ਼ਾਰ ਪੁਲਸ ਮੁਲਾਜ਼ਮ ਕੀ ਕਰ ਰਹੇ ਹਨ? ਫਿਲਹਾਲ ਪੰਜਾਬ ਪੁਲਸ ਅੰਮ੍ਰਿਤਪਾਲ ਨੂੰ ਲੱਭਣ ਲਈ ਸੀ. ਸੀ. ਟੀ. ਵੀ ਫੁਟੇਜ ਦੀ ਲਗਾਤਾਰ ਖੰਗਾਲ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਜਲਦੀ ਹੀ ਪੁਲਸ ਦੀ ਗ੍ਰਿਫ਼ਤ ‘ਚ ਹੋਵੇਗਾ।

Add a Comment

Your email address will not be published. Required fields are marked *