ਹੋਲੀ ਦੇ ਤਿਉਹਾਰ ਮੌਕੇ ਯੂ.ਪੀ-ਬਿਹਾਰ ਜਾਣ ਵਾਲੇ ਪੜ੍ਹ ਲੈਣ ਇਹ ਖ਼ਬਰ

ਜਲੰਧਰ : ਇਸ ਸਾਲ ਹੋਲੀ ਦਾ ਤਿਉਹਾਰ 8 ਮਾਰਚ ਨੂੰ ਮਨਾਇਆ ਜਾਵੇਗਾ। ਪਰਵਾਸੀ ਲੋਕਾਂ ਵਿੱਚ ਇਸ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾਂਦਾ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਪਰਵਾਸੀ ਇਸ ਤਿਉਹਾਰ ਨੂੰ ਪਰਿਵਾਰਕ ਮੈਂਬਰਾਂ ਨਾਲ ਮਨਾਉਣ ਲਈ ਆਪਣੇ-ਆਪਣੇ ਪਿੰਡ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਦਿਨਾਂ ਵਿੱਚ ਟਰੇਨਾਂ ‘ਚ ਭੀੜ ਕਾਫੀ ਵਧ ਜਾਂਦੀ ਹੈ, ਜੇਕਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਇਸ ਸਮੇਂ ਯੂ. ਪੀ.-ਬਿਹਾਰ ਵੱਲ ਜਾਣ ਵਾਲੀਆਂ ਲਗਭਗ ਸਾਰੀਆਂ ਟਰੇਨਾਂ ਫੁੱਲ ਜਾ ਰਹੀਆਂ ਹਨ। ਟਰੇਨਾਂ ਵਿੱਚ ਪੈਰ ਰੱਖਣ ਲਈ ਥਾਂ ਨਹੀਂ ਮਿਲ ਰਹੀ।

ਜਨਨਾਇਕ ਐਕਸਪ੍ਰੈੱਸ, ਜਨਸੇਵਾ ਐਕਸਪ੍ਰੈੱਸ, ਅਮਰਪਾਲੀ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ, ਗਰੀਬ ਰੱਥ ਐਕਸਪ੍ਰੈੱਸ, ਅੰਤੋਦਿਆ ਐਕਸਪ੍ਰੈੱਸ, ਟਾਟਾ ਮੂਰੀ, ਹਾਵੜਾ ਮੇਲ, ਅਮਰਨਾਥ ਐਕਸਪ੍ਰੈੱਸ ਵਰਗੀਆਂ ਪ੍ਰਮੁੱਖ ਟਰੇਨਾਂ ਵਿੱਚ ਲੰਮੀ ਵੇਟਿੰਗ ਚੱਲ ਰਹੀ ਹੈ। ਯਾਤਰੀਆਂ ਨੂੰ ਕਨਫਰਮ ਟਿਕਟ ਲਈ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਅਜਿਹੇ ਵਿੱਚ ਉਨ੍ਹਾਂ ਕੋਲ ਸਿਰਫ਼ ਤਤਕਾਲ ਬੁਕਿੰਗ ਦਾ ਹੀ ਸਹਾਰਾ ਰਹਿ ਜਾਂਦਾ ਹੈ ਪਰ ਤਤਕਾਲੀ ਬੁਕਿੰਗ ਕਰਵਾਉਣਾ ਵੀ ਕਿਸੇ ਜੰਗ ਜਿੱਤਣ ਤੋਂ ਘੱਟ ਨਹੀਂ ਹੈ।

ਬੁਕਿੰਗ ਨਾ ਹੋਣ ਕਾਰਨ ਜ਼ਿਆਦਾਤਰ ਪਰਵਾਸੀ ਜਨਰਲ ਟਿਕਟ ਲੈ ਕੇ ਟਰੇਨਾਂ ਵਿੱਚ ਚੜ੍ਹ ਜਾਂਦੇ ਹਨ ਪਰ ਇਸ ਸਮੇਂ ਸਟੇਸ਼ਨ ’ਤੇ ਜਨਰਲ ਟਿਕਟ ਲਈ ਵੀ ਮਾਰਾਮਾਰੀ ਹੋ ਰਹੀ ਹੈ। ਟਿਕਟ ਕਾਊਂਟਰਾਂ ’ਤੇ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ’ਤੇ ਵੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਇਸ ਦੌਰਾਨ ਓਵਰਚਾਰਜਿੰਗ ਦੀਆਂ ਸ਼ਿਕਾਇਤਾਂ ਵੀ ਵਧ ਗਈਆਂ ਹਨ। ਕਈ ਯਾਤਰੀਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਟਿਕਟ ਲੈਣ ਸਮੇਂ ਉਨ੍ਹਾਂ ਕੋਲੋਂ ਜ਼ਿਆਦਾ ਪੈਸੇ ਵਸੂਲੇ ਗਏ ਹਨ ਪਰ ਜਾਣ ਦੀ ਜਲਦੀ ਹੋਣ ਕਾਰਨ ਉਹ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ ਅਤੇ ਰੇਲਵੇ ਵਿਭਾਗ ਨੂੰ ਕੋਸਦੇ ਹੋਏ ਟਰੇਨਾਂ ਵਿੱਚ ਸਵਾਰ ਹੋ ਜਾਂਦੇ ਹਨ।

Add a Comment

Your email address will not be published. Required fields are marked *