ਯਾਸਿਰ ਹੂਸੈਨ ਨੇ ਸੱਭਿਆਚਾਰਕ ਪ੍ਰੋਗਰਾਮ ‘ਮੌਜਾਂ ਹੀ ਮੌਜਾਂ’ ’ਚ ਖੂਬ ਰੰਗ ਬੰਨ੍ਹਿਆ

ਫ਼ਰੀਦਕੋਟ – ਪੈਲੀਕਲ ਪਲਾਜ਼ਾ ਪਿੰਡ ਪੱਕਾ, ਜ਼ਿਲਾ ਫ਼ਰੀਦਕੋਟ ਅਤੇ ਮਾਲਵਾ ਵਿਰਾਸਤ ਕਲੱਬ ਫ਼ਰੀਦਕੋਟ ਵੱਲੋਂ ਸਾਂਝੇ ਰੂਪ ’ਚ ਸੱਭਿਆਚਾਰਕ ਪ੍ਰੋਗਰਾਮ ‘ਮੌਜਾਂ ਹੀ ਮੌਜਾਂ’ ਕਰਵਾਇਆ ਗਿਆ। ਇਸ ਸੱਭਿਆਚਾਰਕ ਮੇਲੇ ’ਚ ਮੁੱਖ ਮਹਿਮਾਨ ਵਜੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫ਼ਰੀਦਕੋਟ ਨੇ ਕੀਤੀ। ਸਤਿਕਾਰਿਤ ਮਹਿਮਾਨ ਵਜੋਂ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਲਕਾ ਫ਼ਰੀਦਕੋਟ ਸ਼ਾਮਲ ਹੋਏ।

ਵਿਸ਼ੇਸ਼ ਮਹਿਮਾਨਾਂ ਵਜੋਂ ਜਨਿੰਦਰ ਜੈਨ ਚੇਅਰਮੈਨ ਜੈਨ ਇੰਟਰਨੈਸ਼ਨਲ, ਡਾ.ਮਨਜੀਤ ਸਿੰਘ ਢਿੱਲੋਂ ਪ੍ਰਧਾਨ ਨਰਸਿੰਗ ਐਸੋਸੀਏਸ਼ਨ ਪੰਜਾਬ, ਨਵਦੀਪ ਗਰਗ ਮੈਨੇਜਿੰਗ ਡਾਇਰੈਕਟਰ ਗਰਗ ਪਬਲਸਿਟੀ ਜੰਕਸ਼ਨ, ਡਾ.ਪ੍ਰਵੀਨ ਗੁਪਤਾ ਮੈਨੇਜਿੰਗ ਡਾਇਰੈਕਟਰ ਸਿਰੀ ਰਾਮ ਹਸਪਤਾਲ ਫ਼ਰੀਦਕੋਟ, ਲਾਡੀ ਮੰਗੇਵਾਲੀਆ ਐਮ.ਡੀ.ਸੱਤਪਾਲ ਇੰਡਸਟਰੀਜ਼, ਵਰਿੰਦਰ ਬਾਂਸਲ ਐਮ.ਡੀ.ਤ੍ਰਿਵੈਣੀ ਰਾਈਸ ਮਿਲ ਸ਼ਾਮਲ ਹੋਏ।

ਇਸ ਸਮਾਗਮ ’ਚ ਗੁਰਤੇਜ ਸਿੰਘ ਖੋਸਾ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਸੁਖਵੰਤ ਸਿੰਘ ਪੱਕਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ, ਹਰਵਿੰਦਰ ਸਿੰਘ ਟਿੱਕਾ ਚੇਅਰਮੈਨ ਬਲਾਕ ਸੰਮਤੀ, ਐਡਵੋਕੇਟ ਲਲਿਤ ਮੋਹਨ ਗੁਪਤਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਗਿੰਦਰਜੀਤ ਸਿੰਘ ਸੇਖੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਰਣਜੀਤ ਸਿੰਘ ਬਰਾੜ ਭੋਲੂਵਾਲਾ ਸਾਬਕਾ ਚੇਅਰਮੈਨ ਲੇਬਰਫ਼ੈੱਡ ਪੰਜਾਬ, ਸੁਖਚੈਨ ਸਿੰਘ ਚੈਨਾ ਪ੍ਰਧਾਨ ਯੂਥ ਕਾਂਗਰਸ ਫ਼ਰੀਦਕੋਟ, ਡਾ.ਰੇਸ਼ਮ ਸਿੰਘ ਬਾਹੀਆ ਕਾਂਗਰਸੀ, ਰਾਜੂ ਥਾਪਰ ਮੈਨੇਜਿੰਗ ਡਾਇਰੈਕਟਰ ਸੰਤ ਮੋਹਨ ਦਾਸ ਮੈਮੋਰੀਅਲ ਸਕੂਲ ਕੋਟ ਸੁਖੀਆ, ਅਮੀਰ ਸਿੰਘ ਬੱਬੂ ਕੰਡਾ ਪ੍ਰਧਾਨ ਕਾਂਗਰਸ ਪਾਰਟੀ, ਬਲਜਿੰਦਰ ਸਿੰਘ ਔਲਖ ਦੀਪ ਸਿੰਘ ਵਾਲਾ, ਐਡਵੋਕੇਟ ਸਤਿੰਦਰ ਸਿੰਘ ਲਾਡੀ, ਐਡਵੋਕੇਟ ਗਗਨਦੀਪ ਸਿੰਘ, ਐਡਵੋਕੇਟ ਗੁਰਜੀਇਕਬਾਲ ਸਿੰਘ, ਗਗਨ ਜੰਡਵਾਲਾ, ਰਣਜੀਤ ਸਿੰਘ ਸਰਪੰਚ, ਹਰਜੀਤ ਸਿੰਘ ਬੋਦਾ ਆਦਿ ਉਚੇਚੇ ਤੌਰ ’ਤੇ ਸ਼ਾਮਲ ਹੋਏ।

ਪ੍ਰੋਗਰਾਮ ਦੀ ਸ਼ੁਰੂਆਤ ’ਚ ਪੈਲੀਕਲ ਪਲਾਜ਼ਾ ਦੇ ਮੈਨੇਜਿੰਗ ਡਾਇਰੈਕਟਰ ਡਾ.ਸੰਜੀਵ ਗੋਇਲ, ਮਾਲਵਾ ਵਿਰਾਸਤ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਪ੍ਰੋਗਰਾਮ ਦੀ ਸ਼ੁਰੂਆਤ ਬਾਲ ਗਾਇਕ ਯੁਵਰਾਜ ਮੁੱਦਕੀ ਨੇ ਧਾਰਮਿਕ ਗੀਤ ਨਾਲ ਕੀਤੀ ਤੇ ਫ਼ਿਰ ਸੂਫ਼ੀ ਰੰਗਤ ਦੇ ਗੀਤ ਪੇਸ਼ ਕਰਦਿਆਂ ਕਰੀਬ ਅੱਧੇ ਘੰਟੇ ਤੱਕ ਸ੍ਰੋਤਿਆਂ ਨੂੰ ਟਿੱਕ ਕੇ ਬੈਠਣ ਵਾਸਤੇ ਮਜ਼ਬੂਰ ਕੀਤਾ। ਇਸ ਮੌਕੇ ਪੈਲੀਕਲ ਪਲਾਜ਼ਾ ’ਚ 3000 ਤੋਂ ਵੱਧ ਖਰੀਦਦਾਰੀ ਕਰਨ ਵਾਲੇ ਗਾਹਕਾਂ ਲਈ ਛੇ ਲੱਕੀ ਡਰਾਅ ਕੱਢੇ ਗਏ। ਫ਼ਿਰ ਵਾਰੀ ਆਈ ਪੰਜਾਬ ਦੇ ਸੁਰੀਲੇ ਗਾਇਕ ਯਾਸਿਰ ਹੂਸੈਨ ਦੀ, ਜਿਸ ਨੇ ‘ਮੇਰੀ ਰੱਖਿਓ ਲਾਜ ਗੁਰੂਦੇਵ’ ਨਾਲ ਪ੍ਰੋਗਰਾਮ ਦਾ ਮੁੱਢ ਬੰਨ੍ਹਿਆ। ਫ਼ਿਰ ਲੋਕ ਗੀਤ, ਲੋਕ ਗਥਾਵਾਂ, ਟੱਪੇ, ਮਾਹੀਆ, ਪਰਿਵਾਰਿਕ ਰਿਸ਼ਤਿਆਂ ਅਧਾਰਿਤ ਗੀਤਾਂ ਨਾਲ ਸ੍ਰੋਤਿਆਂ ਨੂੰ ਲਗਭਗ ਢਾਈ ਘੰਟੇ ਤੱਕ ਕੀਲ੍ਹੀ ਰੱਖਿਆ।

ਇਸ ਮੇਲੇ ’ਚ ਪੰਜਾਬ ਦੇ ਨਾਮਵਰ ਅਦਾਕਾਰ ਗਾਇਕ ਗਿੱਪੀ ਗਰੇਵਾਲ, ਨਾਮਵਾਰ ਅਦਾਕਾਰ ਬੀਨੂੰ ਢਿੱਲੋਂ, ਪ੍ਰਸਿੱਧ ਅਦਾਕਾਰ ਪ੍ਰਿੰਸ ਕੇ.ਜੇ.ਸਿੰਘ, ਹੀਰੋਇਨ ਹਸ਼ਨੀਨ ਚੌਹਾਨ, ਅਦਾਕਾਰਾ ਜਿੰਮੀ ਸ਼ਰਮਾ, ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਪ੍ਰੋਡਿਊਸਰ ਅਮਨਦੀਪ ਗਰੇਵਾਲ ਸਟੇਜ ਤੇ ਪਹੁੰਚੇ। ਇਸ ਮੌਕੇ ਸਾਰੇ ਅਦਕਾਰਾਂ ਨੇ ਆਪਣੀ ਕਲਾ ਦੇ ਰੰਗ ਬਿਖੇਰਦੇ ਹੋਏ ਹਾਜ਼ਰੀਨ ਦਾ ਰੱਜਵਾਂ ਪਿਆਰ ਪ੍ਰਾਪਤ ਕੀਤਾ। ਇਸ ਮੌਕੇ ਗਾਇਕ/ਅਦਕਾਰ ਗਿੱਪੀ ਗਰੇਵਾਲ ਨੇ ਦੱਸਿਆ ਕਿ 20 ਅਕਤੂਬਰ ਨੂੰ ਉਨ੍ਹਾਂ ਦੀ ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ ਸਿਨੇਮਾ ਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਜਿਸ ’ਚ ਉਨ੍ਹਾਂ ਦੇ ਨਾਲ ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਯੋਗਰਾਜ ਸਿੰਘ ਸਮੇਤ ਬਹੁਤ ਸਾਰੇ ਉੱਚਕੋਟੀ ਦੇ ਫ਼ਨਕਾਰ ਹਨ।

Add a Comment

Your email address will not be published. Required fields are marked *