16 ਸਤੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਮਾਂ ਦਾ ਲਾਡਲਾ’ ’ਚ ਜਾਣੋ ਕੀ ਕੁਝ ਹੈ ਖ਼ਾਸ

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਮਾਂ ਦਾ ਲਾਡਲਾ’ ਇਸ ਸ਼ੁੱਕਰਵਾਰ ਯਾਨੀ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਕਾਫੀ ਉਤਸ਼ਾਹ ਹੈ ਕਿਉਂਕਿ ਫ਼ਿਲਮ ’ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਬਹੁਤ ਸਾਰੀਆਂ ਗੱਲਾਂ ਕਾਰਨ ਖ਼ਾਸ ਹੈ। ਸਭ ਤੋਂ ਪਹਿਲਾਂ ਤਾਂ ਇਸ ਦੀ ਸਟਾਰ ਕਾਸਟ ਬਾਰੇ ਗੱਲ ਕਰਦੇ ਹਾਂ, ਜਿਸ ’ਚ ਤਰਸੇਮ ਤੇ ਨੀਰੂ ਤੋਂ ਇਲਾਵਾ ਰੂਪੀ ਗਿੱਲ, ਨਿਰਮਲ ਰਿਸ਼ੀ, ਨਸੀਮ ਵਿੱਕੀ, ਇਫਤਿਖਾਰ ਠਾਕੁਰ, ਕੈਸਰ ਪੀਆ, ਰੁਪਿੰਦਰ ਰੂਪੀ, ਸੁਖਵਿੰਦਰ ਚਾਹਲ ਤੇ ਸਵਾਸਤਿਕ ਭਗਤ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਭਾਵ ਸਾਨੂੰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਲਾਕਾਰ ਇਕ ਵਾਰ ਮੁੜ ਇਕੱਠੇ ਹੋ ਕੇ ਢਿੱਡੀਂ ਪੀੜਾਂ ਪਾਉਂਦੇ ਨਜ਼ਰ ਆਉਣ ਵਾਲੇ ਹਨ।

ਦੂਜੀ ਗੱਲ ਹੈ ਇਸ ਫ਼ਿਲਮ ਦਾ ਕੰਸੈਪਟ। ਟਰੇਲਰ ’ਚ ਜਿੰਨਾ ਕੁ ਦੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੀਰੂ ਬਾਜਵਾ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਹੈ ਤੇ ਇਕ ਸਿੰਗਲ ਮਦਰ ਹੈ। ਉਸ ਨੂੰ ਆਪਣੇ ਪੁੱਤਰ ਲਈ ਇਕ ਪਿਤਾ ਦੀ ਲੋੜ ਹੈ ਪਰ ਇਕ ਅਜਿਹੇ ਪਿਤਾ ਦੀ, ਜੋ ਬਦਤਮੀਜ਼ ਹੋਵੇ। ਹੁਣ ਉਹ ਅਜਿਹਾ ਕਿਉਂ ਚਾਹੁੰਦੀ ਹੈ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਟਰੇਲਰ ਦੇਖ ਕੇ ਇਕ ਵੱਖਰੇ ਕੰਸੈਪਟ ਦੀ ਝਲਕ ਸਾਨੂੰ ਜ਼ਰੂਰ ਮਿਲਦੀ ਹੈ।

ਤੀਜੀ ਖ਼ਾਸ ਗੱਲ ਹੈ ਫ਼ਿਲਮ ਦਾ ਸੰਗੀਤ। ਹੁਣ ਤਕ ਫ਼ਿਲਮ ਦੇ ਦੋ ਗੀਤ ਰਿਲੀਜ਼ ਹੋਏ ਹਨ। ਇਕ ਫ਼ਿਲਮ ਦਾ ਟਾਈਟਲ ਟਰੈਕ ‘ਮਾਂ ਦਾ ਲਾਡਲਾ’ ਤੇ ਦੂਜਾ ‘ਪੰਜਾਬ ਜਿਹਾ’। ਜਿਥੇ ‘ਮਾਂ ਦਾ ਲਾਡਲਾ’ ਟਾਈਟਲ ਟਰੈਕ ’ਚ ਫ਼ਿਲਮ ਦੀ ਪੂਰੀ ਸਟਾਰ ਕਾਸਟ ਮਸਤੀ ਕਰਦੀ ਨਜ਼ਰ ਆ ਰਹੀ ਹੈ, ਉਥੇ ‘ਪੰਜਾਬ ਜਿਹਾ’ ਗੀਤ ’ਚ ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਖ਼ੂਬਸੂਰਤ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ।

ਫ਼ਿਲਮ ਨੂੰ ਉਦੈ ਪ੍ਰਤਾਪ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ। ਇਸ ਫ਼ਿਲਮ ਨੂੰ ਮਨਪ੍ਰੀਤ ਜੌਹਲ ਤੇ ਆਸ਼ੂ ਮੁਨੀਸ਼ ਸਾਹਨੀ ਨੇ ਪ੍ਰੋਡਿਊਸ ਕੀਤਾ ਹੈ। ‘ਮਾਂ ਦਾ ਲਾਡਲਾ’ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਟਾਰ ਸਟੂਡੀਓਜ਼ ਦੀ ਸਾਂਝੀ ਪੇਸ਼ਕਸ਼ ਹੈ।

Add a Comment

Your email address will not be published. Required fields are marked *