ਪਹਿਲਵਾਨਾਂ ਵੱਲੋਂ ਇੰਡੀਆ ਗੇਟ ’ਤੇ ਮੋਮਬੱਤੀ ਮਾਰਚ

ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਵੱਲੋਂ ਜੰਤਰ-ਮੰਤਰ ’ਤੇ ਲਾਏ ਧਰਨੇ ਨੂੰ ਅੱਜ ਇਕ ਮਹੀਨਾ ਪੂਰਾ ਹੋ ਗਿਆ। ਪਹਿਲਵਾਨ ਅੱਜ ਸ਼ਾਮੀਂ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਪੈਦਲ ਮਾਰਚ ਕਰਕੇ ਪੁੱਜੇ ਤੇ ਉਥੇ ਮੋਮਬੱਤੀ ਮਾਰਚ ਕੱਢਿਆ। ਮਾਰਚ ਵਿੱਚ ਪਹਿਲਵਾਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸੰਗੀਤਾ ਪੂਨੀਆ, ਸਤਿਆਵਰਤ ਸਣੇ ਹੋਰ ਪਹਿਲਵਾਨ ਸ਼ਾਮਲ ਹੋਏ। ਪਹਿਲਵਾਨਾਂ ਨੇ ਸਾਫ਼ ਕਰ ਦਿੱਤਾ ਕਿ ਇਨਸਾਫ਼ ਮਿਲਣ ਤਕ ਸੰਘਰਸ਼ ਜਾਰੀ ਰਹੇਗਾ।

ਪੈਦਲ ਮਾਰਚ ਵਿੱਚ ਪਹਿਲਵਾਨਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹੱਥਾਂ ਵਿੱਚ ਕੌਮੀ ਝੰਡੇ ਸਣੇ ਵੱਖ ਵੱਖ ਜਥੇਬੰਦੀਆਂ ਦੇ ਝੰਡੇ ਲੈ ਕੇ ਤੁਰੇ। ਮਾਰਚ ਵਿੱਚ ਆਲ ਇੰਡੀਆ ਸਟੇਟ ਗਵਰਨਮੈਂਟ ਐਂਪਲਾਈਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਭਾਸ਼ ਲਾਂਬਾ ਦੀ ਅਗਵਾਈ ਵਿਚ ਵੱਖ ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਆਏ ਮੁਲਾਜ਼ਮ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹੋਏ। ਪੈਦਲ ਮਾਰਚ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇੰਡੀਆ ਗੇਟ ਪੁੱਜੇ ਪਹਿਲਵਾਨਾਂ ਨੇ ਮੋਮਬੱਤੀਆਂ ਜਗਾ ਕੇ ਇਨਸਾਫ਼ ਦੀ ਲੜਾਈ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਉਨ੍ਹਾਂ ਮੋਮਬੱਤੀਆਂ ਜਗਾ ਕੇ ਬ੍ਰਿਜ ਭੂਸ਼ਣ ਵੱਲੋਂ ਫੈਲਾਏ ਹਨੇਰੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਹਿਲਾ ਪਹਿਲਵਾਨ ਨੇ ਕਿਹਾ ਕਿ ਉਨ੍ਹਾਂ ਦੇ ਧਰਨੇ ਨੂੰ ਅੱਜ ਇਕ ਮਹੀਨਾ ਹੋ ਗਿਆ ਹੈ, ਪਰ ਉਨ੍ਹਾਂ ਨੂੰ ਯਕੀਨ ਹੈ ਕਿ ਇਨਸਾਫ਼ ਦੀ ਇਸ ਲੜਾਈ ਵਿੱਚ ਸੱਚਾਈ ਦੀ ਜਿੱਤ ਹੋਵੇਗੀ। ਵਿਨੇਸ਼ ਫੋਗਾਟ ਨੇ ਸਾਫ਼ ਕਰ ਦਿੱਤਾ ਕਿ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਤੱਕ ਧਰਨਾ ਤੇ ਸੰਘਰਸ਼ ਜਾਰੀ ਰਹੇਗਾ।

Add a Comment

Your email address will not be published. Required fields are marked *