ਸੀਤਾਰਾਮਨ ਨੇ ਮਜ਼ਬੂਤ, ਕੋਟਾ ਆਧਾਰਿਤ ਅਤੇ ਢੁੱਕਵੇਂ ਸ੍ਰੋਤਾਂ ਵਾਲੇ IMF ਦੀ ਕੀਤੀ ਵਕਾਲਤ
ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਕ ਮਜ਼ਬੂਤ, ਕੋਟਾ ਆਧਾਰਿਤ ਅਤੇ ਢੁੱਕਵੇਂ ਸ੍ਰੋਤਾਂ ਵਾਲੇ ਆਈ. ਐੱਮ. ਐੱਫ. ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਗਲੋਬਲ ਵਿੱਤੀ ਸੁਰੱਖਿਆ ਸਿਸਟਮ ਅਤੇ ਜਲਵਾਯੂ ਕਾਰਵਾਈ ਦੇ ਮੱਦੇਨਜ਼ਰ ਇਹ ਯਕੀਨੀ ਕਰਨਾ ਜ਼ਰੂਰੀ ਹੈ। ਕੋਟਾ ਦੀ 16ਵੀਂ ਆਮ ਸਮੀਖਿਆ (ਜੀ. ਆਰ. ਕਿਊ.) ਤੋਂ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਵਿਚ ਵਿਕਾਸਸ਼ੀਲ ਅਰਥਵਿਵਸਥਾਵਾਂ ਨੂੰ ਆਰਥਿਕ ਹਿੱਸੇਦਾਰੀ ਮਿਲਣ ਦੀ ਉਮੀਦ ਹੈ।
ਆਈ. ਐੱਮ. ਐੱਫ. ਦੇ ਪ੍ਰਸਤਾਵ ਮੁਤਾਬਕ 16ਵੀਂ ਜੀ. ਆਰ. ਕਿਊ. 15 ਦਸੰਬਰ 2023 ਤੱਕ ਪੂਰੀ ਹੋਣੀ ਚਾਹੀਦੀ ਹੈ। ਕੋਟਾ ਹਿੱਸੇਦਾਰੀ ਵਿਚ ਕਿਸੇ ਵੀ ਵਿਵਸਥਾ ਕਾਰਨ ਉੱਭਰਦੇ ਦੇਸ਼ਾਂ ਦੇ ਵੋਟਿੰਗ ਅਧਿਕਾਰਾਂ ਵਿਚ ਵਾਧਾ ਹੋਣ ਦੀ ਉਮੀਦ ਹੈ। ਮੋਰੱਕੋ ਦੇ ਮਰਾਕੇਸ਼ ਵਿਚ ‘ਨੀਤੀਗਤ ਚੁਣੌਤੀਆਂ ’ਤੇ ਸੰਵਾਦ’ ਵਿਸ਼ੇ ’ਤੇ ਆਈ. ਐੱਮ. ਐੱਫ. ਸੰਚਾਲਕ ਮੰਡਲ ਦੀ ਬੈਠਕ ਵਿਚ ਸੀਤਾਰਾਮਨ ਨੇ ਗਲੋਬਲ ਵਿਕਾਸ ਵਿਚ ਮੰਦੀ ਦੇ ਸਬੰਧ ਵਿਚ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਭਾਰਤ 2023-24 ਦੀ ਪਹਿਲੀ ਤਿਮਾਹੀ ਦੌਰਾਨ 7.8 ਫੀਸਦੀ ਦੇ ਵਿਕਾਸ ਨਾਲ ਸਭ ਤੋਂ ਤੇਜ਼ੀ ਨਾਲ ਵਧਦੀ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ। ਉਨ੍ਹਾਂ ਨੇ ਵਧਦੀਆਂ ਗਲੋਬਲ ਕਰਜ਼ਾ ਕਮਜ਼ੋਰੀਆਂ ਦੇ ਸਬੰਧ ਵਿਚ ਗਲੋਬਲ ਸਾਵਰੇਨ ਕਰਜ਼ਾ ਗੋਲਮੇਜ਼ ਸੰਮੇਲਨ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਵਿੱਤ ਮੰਤਰਾਲਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਗਲੋਬਲ ਵਿੱਤੀ ਸੁਰੱਖਿਆ ਸਿਸਟਮ ਦੇ ਕੇਂਦਰ ਵਿਚ ਇਕ ਮਜ਼ਬੂਤ, ਕੋਟਾ ਆਧਾਰਿਤ ਅਤੇ ਢੁੱਕਵੇਂ ਸ੍ਰੋਤਾਂ ਵਾਲੇ ਆਈ. ਐੱਮ. ਐੱਫ. ਲਈ ਵਚਨਬੱਧਤਾ ਦੁਹਰਾਈ, ਜਿਸ ਦੇ ਕੇਂਦਰ ਵਿਚ ਗਲੋਬਲ ਵਿੱਤੀ ਸੁਰੱਖਿਆ ਸਿਸਟਮ ਅਤੇ ਜਲਵਾਯੂ ਕਾਰਵਾਈ ਹੋਵੇ। ਮੰਤਰਾਲਾ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਲਿਖਿਆ ਕਿ ਵਿੱਤ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਈਚਾਰੇ ਦੀ ਤਾਲਮੇਲ ਵਾਲੀ ਪ੍ਰਤੀਕਿਰਿਆ ਵਸੁਧੈਵ ਕੁਟੁੰਭਕਮ-ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ-ਦੀ ਭਾਵਨਾ ਨੂੰ ਉਤਸ਼ਾਹ ਦੇਵੇਗੀ।

