ਭਾਰਤ ’ਚ ਅੱਤ ਦੀ ਗਰੀਬੀ ਹੋਈ ਖਤਮ : ਬਰੁਕਿੰਗਜ਼

ਨਵੀਂ ਦਿੱਲੀ  – ਅਮਰੀਕਾ ਦੇ ਪ੍ਰਮੁੱਖ ਥਿੰਕ ਟੈਂਕ ‘ਦਿ ਬਰੁਕਿੰਗਜ਼ ਇੰਸਟੀਚਿਊਟ’ ਦੇ ਅਰਥ ਸ਼ਾਸਤਰੀ ਸੁਰਜੀਤ ਭੱਲਾ ਤੇ ਕਰਨ ਭਸੀਨ ਨੇ ਇਕ ਲੇਖ ’ਚ ਕਿਹਾ ਹੈ ਕਿ ਭਾਰਤ ਨੇ ਅੱਤ ਦੀ ਗਰੀਬੀ ਨੂੰ ਖਤਮ ਕਰ ਦਿੱਤਾ ਹੈ। ਇਸ ਲਈ ਉਸ ਨੇ 2022-23 ਲਈ ਹਾਲ ਹੀ ’ਚ ਜਾਰੀ ਕੀਤੇ ਖਪਤ ਖਰਚੇ ਦੇ ਅੰਕੜਿਆਂ ਦਾ ਹਵਾਲਾ ਦਿੱਤਾ।

ਦੋਹਾਂ ਉੱਘੇ ਅਰਥ ਸ਼ਾਸਤਰੀਆਂ ਨੇ ਲੇਖ ’ਚ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2011-12 ਤੋਂ ਅਸਲ ਪ੍ਰਤੀ ਵਿਅਕਤੀ ਖਪਤ 2.9 ਪ੍ਰਤੀਸ਼ਤ ਪ੍ਰਤੀ ਸਾਲ ਵਧੀ ਹੈ। ਇਸ ਸਮੇਂ ਦੌਰਾਨ ਪੇਂਡੂ ਵਿਕਾਸ 3.1 ਪ੍ਰਤੀਸ਼ਤ ਤੇ ਸ਼ਹਿਰੀ ਵਿਕਾਸ 2.6 ਪ੍ਰਤੀਸ਼ਤ ਰਿਹਾ। ਲੇਖ ’ਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਸ਼ਹਿਰੀ ਤੇ ਪੇਂਡੂ ਨਾਬਰਾਬਰੀ ’ਚ ਵੀ ਬੇਮਿਸਾਲ ਗਿਰਾਵਟ ਆਈ ਹੈ। ਸ਼ਹਿਰੀ ਗਿੰਨੀ 36.7 ਤੋਂ 31.9 ਤੱਕ ਘਟੀ, ਜਦੋਂ ਕਿ ਪੇਂਡੂ ਗਿੰਨੀ 28.7 ਤੋਂ 27.0 ਤੱਕ ਘਟ ਗਈ। ਗਿਨੀ ਸੂਚਕ ਅੰਕ ਆਮਦਨ ਵੰਡ ਦੀ ਨਾ-ਬਰਾਬਰੀ ਨੂੰ ਦਰਸਾਉਂਦਾ ਹੈ। ਜੇ ਇਹ ਜ਼ੀਰੋ ਹੈ ਤਾਂ ਇਸ ਦਾ ਮਤਲਬ ਹੈ ਕਿ ਸਮਾਜ ’ਚ ਪੂਰਨ ਬਰਾਬਰੀ ਹੈ।

ਲੇਖ ’ਚ ਕਿਹਾ ਗਿਆ ਹੈ ਕਿ ਨਾ-ਬਰਾਬਰੀ ਵਿਸ਼ਲੇਸ਼ਣ ਦੇ ਇਤਿਹਾਸ ’ਚ ਇਹ ਗਿਰਾਵਟ ਬੇਮਿਸਾਲ ਹੈ। ਉੱਚ ਵਿਕਾਸ ਦਰ ਅਤੇ ਨਾਬਰਾਬਰੀ ’ਚ ਵੱਡੀ ਗਿਰਾਵਟ ਨੇ ਭਾਰਤ ’ਚ ਗਰੀਬੀ ਨੂੰ ਖਤਮ ਕੀਤਾ ਹੈ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਆਬਾਦੀ ਦਾ ਅਨੁਪਾਤ ਹੈੱਡਕਾਊਂਟ ਗਰੀਬੀ ਅਨੁਪਾਤ 2011-12 ’ਚ 12.2 ਫੀਸਦੀ ਤੋਂ ਘਟ ਕੇ 2022-23 ’ਚ ਦੋ ਫੀਸਦੀ ਰਹਿ ਗਿਆ। ਪੇਂਡੂ ਗਰੀਬੀ 2.5 ਫੀਸਦੀ ਸੀ ਜਦੋਂ ਕਿ ਸ਼ਹਿਰੀ ਗਰੀਬੀ ਘਟ ਕੇ ਇਕ ਫੀਸਦੀ ਰਹਿ ਗਈ।

Add a Comment

Your email address will not be published. Required fields are marked *