1984 ਸਿੱਖ ਕਤਲੇਆਮ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ

ਨਵੀਂ ਦਿੱਲੀ- 1984 ਸਿੱਖ ਕਤਲੇਆਮ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ 1984 ‘ਚ ਰਾਜਨੀਤਿਕ ਇਸ਼ਾਰਿਆਂ ‘ਤੇ ਕਤਲ ਕੀਤੇ ਗਏ ਸਨ, ਜਿਸ ਨੂੰ ਕੋਈ ਵੀ ਭੁਲਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਮੁਗਲਾਂ ਵਿਰੁੱਧ ਜੰਗ ਹੋਵੇ, ਭਾਰਤ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ, ਹਰ ਥਾਂ ਕੁਰਬਾਨੀ ਲਈ ਸਿੱਖ ਭਾਈਚਾਰਾ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ। ਇਹ ਸ਼ਬਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਇੱਥੇ ਆਯੋਜਿਤ ਇਕ ਪ੍ਰੋਗਰਾਮ ‘ਚ ਗ੍ਰਹਿ ਮੰਤਰੀ ਨੇ ਸ਼ਿਰਕਤ ਕਰਨ ਮੌਕੇ ਕਹੇ।

‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਵੱਲੋਂ ਸ਼ੁੱਕਰਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਗੁਰੂ ਪਰੰਪਰਾ ਨੂੰ ਸਿਰ ਝੁਕਾਅ ਕੇ ਪ੍ਰਣਾਮ ਕਰਦਾ ਹਾਂ। ਸਿੱਖ ਪੰਥ ਦੀਆਂ 10 ਪੀੜ੍ਹੀਆਂ ਦੀ ਗੁਰੂ ਪਰੰਪਰਾ ਨੇ ਹਮਲਾਵਰਾਂ ਦੀ ਬੇਇਨਸਾਫੀ ਅਤੇ ਬਰਬਰਤਾ ਵਿਰੁੱਧ ਸੰਘਰਸ਼ ਅਤੇ ਕੁਰਬਾਨੀ ਦੀ ਸ਼ਾਨਦਾਰ ਮਿਸਾਲ ਦੁਨੀਆ ਸਾਹਮਣੇ ਰੱਖੀ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਦੇਸ਼ ‘ਤੇ ਜੋ ਉਪਕਾਰ ਕੀਤੇ ਹਨ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਔਰੰਗਜ਼ੇਬ ਵੱਲੋਂ ਕਸ਼ਮੀਰ ਦੇ ਲੋਕਾਂ ‘ਤੇ ਕੀਤੇ ਅੱਤਿਆਚਾਰਾਂ ਲਈ  ਮਹਾਨ ਕੁਰਬਾਨੀ ਦੇਣਾ ਉਨ੍ਹਾਂ ਦੀ ਮਹਾਨਤਾ ਨੂੰ ਦਰਸਾਉਂਦਾ ਹੈ।

ਸਿੱਖ ਕੌਮ ਧਰਮ ਅਤੇ ਕਰਮ ਦੋਵਾਂ ਨੂੰ ਬਰਾਬਰ ਲੈ ਕੇ ਅੱਗੇ ਵਧਦੀ ਹੈ। ਜਦੋਂ ਧਰਮ ਲਈ ਜਾਨ ਕੁਰਬਾਨ ਕਰਨ ਦੀ ਗੱਲ ਆਉਂਦੀ ਹੈ ਤਾਂ ਸੱਚਾ ਸਿੱਖ ਕਦੇ ਪਿੱਛੇ ਮੁੜ ਕੇ ਨਹੀਂ ਦੇਖਦਾ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਦੇਸ਼ ਦੀ ਸੁਰੱਖਿਆ ਲਈ ਸਿੱਖ ਭਰਾਵਾਂ ਦੀ ਕੁਰਬਾਨੀ ਸਭ ਤੋਂ ਵੱਧ ਹੈ। 

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿਚ ‘ਚਾਰ ਉਦਾਸੀਆਂ’ ਰਾਹੀਂ ਕਈ ਦੇਸ਼ਾਂ ਵਿਚ ਸਾਰੇ ਧਰਮਾਂ ਦੀ ਬਰਾਬਰਤਾ ਦਾ ਪ੍ਰਚਾਰ ਕੀਤਾ। ਕਰਨਾਟਕ ਤੋਂ ਮੱਕਾ ਤੱਕ ਉਨ੍ਹਾਂ ਦੇ ਚਰਨ ਪਏ ਹਨ। ਨਿਰਸਵਾਰਥ ਪਿਆਰ ਦਾ ਸੰਦੇਸ਼ ਫੈਲਾਉਣ ਲਈ ਉਨ੍ਹਾਂ ਦਿਨਾਂ ਵਿਚ ਪੈਦਲ ਯਾਤਰਾ ਕਰਨ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।

ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਸਮਾਗਮ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਸਰਕਾਰ ਨੇ ਤੈਅ ਕੀਤਾ ਸੀ ਕਿ ਲਾਲ ਕਿਲ੍ਹੇ ਦੀ ਉਸੇ ਕੰਧ ‘ਤੇ ਉਨ੍ਹਾਂ ਦਾ ਗੁਣਗਾਨ ਕੀਤਾ ਜਾਵੇਗਾ ਜਿੱਥੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਐਲਾਨ ਹੋਇਆ ਸੀ। ਕਈ ਸਾਲ ਪਹਿਲਾਂ ਜਦੋਂ ਸਾਰੇ ਧਰਮ ਆਪੋ-ਆਪਣੇ ਸੰਪਰਦਾਵਾਂ ਲਈ ਲੜ ਰਹੇ ਸਨ, ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਦਸਮ ਪਿਤਾ ਤੱਕ ਜੋ ਸਿੱਖਿਆਵਾਂ ਦਿੱਤੀਆਂ ਗਈਆਂ ਸਨ, ਅੱਜ ਸਾਰਾ ਸੰਸਾਰ ਉਨ੍ਹਾਂ ਸਿੱਖਿਆਵਾਂ ‘ਤੇ ਚੱਲ ਰਿਹਾ ਹੈ।

Add a Comment

Your email address will not be published. Required fields are marked *