ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੂਰੀਨਾਮ ਤੇ ਸਰਬੀਆ ਦਾ ਦੌਰਾ ਕੀਤਾ ਪੂਰਾ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਸੂਰੀਨਾਮ ਤੇ ਸਰਬੀਆ ਦੀ 6 ਦਿਨਾ ਯਾਤਰਾ ਸ਼ੁੱਕਰਵਾਰ ਨੂੰ ਸਮਾਪਤ ਹੋ ਗਈ। ਇਸ ਦੌਰਾਨ ਉਨ੍ਹਾਂ ਦੋਹਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨਾਲ ਵੱਖ-ਵੱਖ ਵਿਸ਼ਿਆਂ ‘ਤੇ ਵਿਆਪਕ ਚਰਚਾ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਮੁਰਮੂ 3 ਦਿਨਾ ਦੌਰੇ ‘ਤੇ ਐਤਵਾਰ ਨੂੰ ਸੂਰੀਨਾਮ ਪਹੁੰਚੇ ਸਨ। ਪਿਛਲੇ ਸਾਲ ਜੁਲਾਈ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਸੀ।

ਇਸ ਦੌਰਾਨ ਮੁਰਮੂ ਨੇ ਸੂਰੀਨਾਮ ਦੇ ਆਪਣੇ ਹਮਰੁਤਬਾ ਚੰਦਰਿਕਾ ਪ੍ਰਸਾਦ ਸੰਤੋਖੀ ਨਾਲ ਮੁਲਾਕਾਤ ਕੀਤੀ ਅਤੇ ਰੱਖਿਆ, ਸੂਚਨਾ ਟੈਕਨਾਲੋਜੀ ਤੇ ਸਮਰੱਥਾ ਨਿਰਮਾਣ ਸਮੇਤ ਕਈ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਸੂਰੀਨਾਮ ਦੀ ਆਪਣੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਰਾਸ਼ਟਰਪਤੀ ਅਲੈਕਜ਼ੈਂਡਰ ਵੁਸਿਕ ਦੇ ਸੱਦੇ ‘ਤੇ ਰਾਸ਼ਟਰਪਤੀ ਮੁਰਮੂ ਬੁੱਧਵਾਰ ਨੂੰ ਸਰਬੀਆ ਪਹੁੰਚੇ ਸਨ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਇਹ ਉਨ੍ਹਾਂ ਦੀ ਪਹਿਲੀ ਯੂਰਪ ਯਾਤਰਾ ਸੀ। ਬਿਆਨ ‘ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਮੁਰਮੂ ਦੀ ਯਾਤਰਾ ਨੇ ਭਾਰਤ ਅਤੇ ਸਰਬੀਆ ਦਰਮਿਆਨ ਮਜ਼ਬੂਤ ਸਬੰਧਾਂ ਦੀ ਪੁਸ਼ਟੀ ਕੀਤੀ ਹੈ।

ਇਸ ਫੇਰੀ ਨੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਖਾਸ ਕਰਕੇ ਆਰਥਿਕ ਮੋਰਚੇ ‘ਤੇ ਨਵੀਂ ਊਰਜਾ ਦਿੱਤੀ ਹੈ। ਬੇਲਗ੍ਰੇਡ ਵਿੱਚ ਰਾਸ਼ਟਰਪਤੀ ਮੁਰਮੂ ਨੇ ਮਹਾਤਮਾ ਗਾਂਧੀ ਦੀ ਮੂਰਤੀ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ। ਮੁਰਮੂ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਤੇਜ਼ੀ ਨਾਲ ਬੇਮਿਸਾਲ ਤਬਦੀਲੀ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ ਅਤੇ ਦੇਸ਼ ਦਹਾਕੇ ਦੇ ਅੰਤ ਤੋਂ ਪਹਿਲਾਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ‘ਤੇ ਹੈ।

Add a Comment

Your email address will not be published. Required fields are marked *