ਹਿਮਾਚਲ ਦੇ ਨਵੇਂ ਮੁੱਖ ਮੰਤਰੀ ਤੇ ਵਿਧਾਇਕ ਬਣੇ ਭਾਰਤ ਜੋੜੋ ਯਾਤਰਾ ਦਾ ਹਿੱਸਾ

ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਵੱਲੋਂ ਕੀਤੀ ਜਾ ਰਹੀ ਭਾਰਤ ਜੋੜੋ ਯਾਤਰਾ ਦੇ 100ਵੇਂ ਦਿਨ ਅੱਜ ਇਸ ਵਿਚ ਹਿਮਾਚਲ ਦੇ ਨਵੇਂ ਬਣੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਤੇ ਹਿਮਾਚਲ ਕਾਂਗਰਸ ਮੁਖੀ ਪ੍ਰਤਿਭਾ ਸਿੰਘ ਵੀ ਹਾਜ਼ਰ ਸਨ। ਇਹ ਸਾਰੇ ਰਾਹੁਲ ਨਾਲ ਪੈਦਲ ਚੱਲੇ। ਯਾਤਰਾ ਵਿਚ ਅੱਜ ਹਿਮਾਚਲ ਦੇ ਕੁਝ ਨਵੇਂ ਬਣੇ ਵਿਧਾਇਕਾਂ ਨੇ ਵੀ ਹਿੱਸਾ ਲਿਆ ਜਿਨ੍ਹਾਂ ਵਿਚ ਵਿਕਰਮਾਦਿੱਤਿਆ ਸਿੰਘ ਵੀ ਸ਼ਾਮਲ ਸਨ। ਹਿਮਾਚਲ ਲਈ ਪਾਰਟੀ ਇੰਚਾਰਜ ਰਾਜੀਵ ਸ਼ੁਕਲਾ ਵੀ ਇਸ ਮੌਕੇ ਹਾਜ਼ਰ ਸਨ। ਯਾਤਰਾ ਅੱਜ ਸਵੇਰੇ ਇੱਥੇ ਮੀਨਾ ਹਾਈ ਕੋਰਟ ਤੋਂ ਸ਼ੁਰੂ ਹੋਈ। ਗਾਂਧੀ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਹੋਰਾਂ ਨੇ ਸਵੇਰ ਦੀ ਯਾਤਰਾ ਦਾ ਪੜਾਅ ਪੂਰਾ ਕੀਤਾ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਖੇਤਰੀ ਸਿਆਸੀ ਪਾਰਟੀਆਂ ਕੋਲ ਕੌਮੀ ਰਾਜਨੀਤੀ ਲਈ ਕੋਈ ਨਜ਼ਰੀਆ ਨਹੀਂ ਹੈ। ਪਾਰਟੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਯਾਤਰਾ ਦੀ ਸਭ ਤੋਂ ਵੱਡੀ ਪ੍ਰਾਪਤੀ ਆਮ ਲੋਕਾਂ ਦੇ ਮੁੱਦਿਆਂ ਨੂੰ ਇਸ ਦੁਆਰਾ ਉਭਾਰਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਰਾਹੁਲ ਗਾਂਧੀ ਦੀ ਪਛਾਣ ਨੂੰ ਢਾਹ ਲਾਉਣ ਦੇ ਯਤਨ ਵੀ ਯਾਤਰਾ ਦੇ ਨਾਲ ਨਾਕਾਮ ਹੋ ਗਏ ਹਨ।

ਵੇਣੂਗੋਪਾਲ ਨੇ ਕਿਹਾ ਕਿ ਯਾਤਰਾ ਦੇ ਸੁਨੇਹੇ ਨੂੰ 26 ਜਨਵਰੀ ਤੋਂ ਬਾਅਦ ਆਰੰਭੀ ਜਾਣ ਵਾਲੀ ਇਕ ਹੋਰ ਮੁਹਿੰਮ ਤਹਿਤ ਫੈਲਾਇਆ ਜਾਵੇਗਾ। ਰਾਹੁਲ ਗਾਂਧੀ ਇਸ ਯਾਤਰਾ ਦੌਰਾਨ ਹੁਣ ਤੱਕ 2800 ਕਿਲੋਮੀਟਰ ਦਾ ਸਫ਼ਰ ਪੂਰਾ ਕਰ ਚੁੱਕੇ ਹਨ ਤੇ ਆਪਣੇ ਸਮਰਥਕਾਂ ਦੇ ਨਾਲ-ਨਾਲ ਵਿਰੋਧੀਆਂ ਦਾ ਧਿਆਨ ਖਿੱਚਣ ਵਿਚ ਵੀ ਕਾਮਯਾਬ ਰਹੇ ਹਨ। ਯਾਤਰਾ 24 ਦਸੰਬਰ ਨੂੰ ਦਿੱਲੀ ਵਿਚ ਦਾਖਲ ਹੋਵੇਗੀ ਤੇ ਅੱਠ ਦਿਨਾਂ ਦੀ ਬਰੇਕ ਤੋਂ ਬਾਅਦ ਮੁੜ ਯੂਪੀ, ਹਰਿਆਣਾ, ਪੰਜਾਬ ਤੇ ਆਖ਼ਰ ਵਿਚ ਜੰਮੂ ਕਸ਼ਮੀਰ ਪਹੁੰਚੇਗੀ।

Add a Comment

Your email address will not be published. Required fields are marked *