‘ਹਰ ਪਾਸੇ ਧਮਾਕੇ, ਬੇਸਮੈਂਟ ’ਚ ਲੁਕੀ ਹੋਈ ਸੀ’, ਨੁਸਰਤ ਨੇ ਦੱਸਿਆ ਇਜ਼ਰਾਈਲ ਤੋਂ ਕਿਵੇਂ ਬਚੀ

ਮੁੰਬਈ – ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਹਾਲ ਹੀ ’ਚ ਇਜ਼ਰਾਈਲ-ਫਲਸਤੀਨ ਜੰਗ ਦਾ ਨਿਸ਼ਾਨਾ ਬਣਨ ਤੋਂ ਬਚ ਗਈ ਹੈ। ਉਹ ਇਸ ਯੁੱਧ ਦੇ ਸ਼ੁਰੂ ’ਚ ਇਜ਼ਰਾਈਲ ’ਚ ਫਸ ਗਈ ਸੀ। ਕਿਸੇ ਤਰ੍ਹਾਂ ਅਦਾਕਾਰਾ ਨਾਲ ਸੰਪਰਕ ਕੀਤਾ ਗਿਆ ਤੇ ਸੁਰੱਖਿਅਤ ਭਾਰਤ ਲਿਆਂਦਾ ਗਿਆ। ਹੁਣ ਅਦਾਕਾਰਾ ਨੇ ਪਹਿਲੀ ਵਾਰ ਇਸ ਬਾਰੇ ਗੱਲ ਕੀਤੀ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਜਾਰੀ ਕਰਕੇ ਅਦਾਕਾਰਾ ਨੇ ਦੱਸਿਆ ਕਿ ਉਸ ਦੌਰਾਨ ਕੀ ਹੋਇਆ ਸੀ। ਨੁਸਰਤ ਆਪਣੇ ਅਨੁਭਵ ਨੂੰ ਬਿਆਨ ਕਰਦਿਆਂ ਕਾਫੀ ਭਾਵੁਕ ਹੋ ਗਈ। ਉਸ ਦੇ ਚਿਹਰੇ ’ਤੇ ਡਰ ਸਾਫ਼ ਦੇਖਿਆ ਜਾ ਸਕਦਾ ਹੈ।

ਨੁਸਰਤ ਨੇ ਦੱਸਿਆ ਕਿ ਜਦੋਂ ਹਮਲਾ ਹੋਇਆ ਤਾਂ ਉਹ ਹੋਟਲ ’ਚ ਸੀ। ਅਚਾਨਕ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਬੇਸਮੈਂਟ ’ਚ ਲਿਜਾਇਆ ਗਿਆ। ਉਸ ਨੇ ਪਹਿਲਾਂ ਕਦੇ ਅਜਿਹਾ ਅਨੁਭਵ ਨਹੀਂ ਕੀਤਾ ਸੀ। ਇਹ ਕਾਫੀ ਡਰਾਉਣਾ ਸੀ। ਨੁਸਰਤ ਨੇ ਕਿਹਾ, ‘‘ਹੈਲੋ ਸਾਰਿਆਂ ਨੂੰ, ਮੈਂ ਆਪਣੀ ਤੰਦਰੁਸਤੀ ਲਈ ਪ੍ਰਾਰਥਨਾ ਕਰਨ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਵਾਪਸ ਆ ਗਈ ਹਾਂ। ਮੈਂ ਘਰ ’ਚ ਹਾਂ ਤੇ ਮੈਂ ਸੁਰੱਖਿਅਤ ਹਾਂ। ਮੈਂ ਠੀਕ ਹਾਂ ਪਰ ਦੋ ਦਿਨ ਪਹਿਲਾਂ ਜਦੋਂ ਮੈਂ ਹੋਟਲ ’ਚ ਸੀ, ਮੈਂ ਧਮਾਕਿਆਂ ਦੀ ਆਵਾਜ਼ ਨਾਲ ਜਾਗ ਗਈ। ਹਰ ਪਾਸੇ ਸਾਇਰਨ ਵੱਜ ਰਹੇ ਸਨ। ਸਾਨੂੰ ਤੁਰੰਤ ਬੇਸਮੈਂਟ ’ਚ ਲਿਜਾਇਆ ਗਿਆ। ਸਾਰੀਆਂ ਥਾਵਾਂ ਬੰਦ ਸਨ। ਮੈਂ ਪਹਿਲਾਂ ਕਦੇ ਵੀ ਅਜਿਹੀ ਸਥਿਤੀ ’ਚ ਨਹੀਂ ਸੀ ਪਰ ਅੱਜ ਜਦੋਂ ਮੈਂ ਆਪਣੇ ਘਰ ਜਾਗੀ। ਬਿਨਾਂ ਕਿਸੇ ਆਵਾਜ਼ ਦੇ, ਬਿਨਾਂ ਕਿਸੇ ਡਰ ਦੇ, ਇਹ ਮਹਿਸੂਸ ਕਰਨਾ ਕਿ ਆਲੇ-ਦੁਆਲੇ ਕੋਈ ਖ਼ਤਰਾ ਨਹੀਂ ਹੈ। ਇਸ ਲਈ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਇਹ ਕਿੰਨੀ ਵੱਡੀ ਗੱਲ ਹੈ। ਅਸੀਂ ਕਿੰਨੇ ਖ਼ੁਸ਼ਕਿਸਮਤ ਹਾਂ, ਅਸੀਂ ਕਿੰਨੇ ਧੰਨ ਹਾਂ। ਅਸੀਂ ਇਕ ਅਜਿਹੇ ਦੇਸ਼ ’ਚ ਹਾਂ, ਜਿਥੇ ਅਸੀਂ ਸੁਰੱਖਿਅਤ ਹਾਂ। ਸਾਨੂੰ ਕੁਝ ਸਮਾਂ ਕੱਢ ਕੇ ਭਾਰਤ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ। ਭਾਰਤੀ ਦੂਤਘਰ ਤੇ ਇਜ਼ਰਾਈਲ ਅੰਬੈਸੀ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ, ਜਿਸ ਕਾਰਨ ਅਸੀਂ ਆਪਣੇ ਘਰਾਂ ’ਚ ਸੁਰੱਖਿਅਤ ਰਹਿ ਸਕਦੇ ਹਾਂ।’’

ਨੁਸਰਤ ਨੇ ਇਹ ਵੀ ਕਿਹਾ, ‘‘ਪਰ ਮੈਂ ਉਨ੍ਹਾਂ ਲੋਕਾਂ ਲਈ ਵੀ ਦੁਆ ਕਰਨਾ ਚਾਹਾਂਗੀ, ਜੋ ਅਜੇ ਵੀ ਉਸ ਜੰਗ ’ਚ ਫਸੇ ਹੋਏ ਹਨ। ਮੈਨੂੰ ਉਮੀਦ ਹੈ ਕਿ ਜਲਦ ਹੀ ਸ਼ਾਂਤੀ ਬਹਾਲ ਹੋ ਜਾਵੇਗੀ।’’ ਇਹ ਕਹਿੰਦਿਆਂ ਨੁਸਰਤ ਕਾਫੀ ਭਾਵੁਕ ਹੋ ਗਈ। ਸਿਤਾਰਿਆਂ ਸਮੇਤ ਪ੍ਰਸ਼ੰਸਕਾਂ ਨੇ ਵੀ ਇਸ ਵੀਡੀਓ ’ਤੇ ਆਪਣੀਆਂ ਦੁਆਵਾਂ ਦਿੱਤੀਆਂ ਹਨ।

ਇਜ਼ਰਾਈਲ-ਫਲਸਤੀਨ ਜੰਗ ’ਚ ਕਈ ਲੋਕ ਫਸੇ ਹੋਏ ਹਨ। ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੇ ਇਜ਼ਰਾਈਲ ’ਚ ਫਸੇ ਹੋਣ ਦੀ ਖ਼ਬਰ ਆਈ ਸੀ। ਇਸ ਤੋਂ ਬਾਅਦ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਤੇ ਅਦਾਕਾਰਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਨੁਸਰਤ ਨੂੰ ਤੁਰੰਤ ਬਚਾ ਕੇ ਭਾਰਤ ਲਿਆਂਦਾ ਗਿਆ। ਉਹ ਉਥੇ ਆਪਣੀ ਫ਼ਿਲਮ ‘ਅਕੇਲੀ’ ਦੇ ਪ੍ਰੀਮੀਅਰ ਲਈ ਗਈ ਸੀ। ‘ਅਕੇਲੀ’ ’ਚ ਉਸ ਨਾਲ ਇਜ਼ਰਾਈਲੀ ਅਦਾਕਾਰਾ ਸਾਹੀ ਹਲੇਵੀ ਵੀ ਮੁੱਖ ਭੂਮਿਕਾ ’ਚ ਸੀ। ਇਹ ਫ਼ਿਲਮ 25 ਅਗਸਤ, 2023 ਨੂੰ ਰਿਲੀਜ਼ ਹੋਈ ਸੀ।

Add a Comment

Your email address will not be published. Required fields are marked *