ਰਾਜਪਾਲ ਨੂੰ ਮੰਗ ਪੱਤਰ ਦੇਣ ਜਾਂਦੇ ਕਾਂਗਰਸੀਆਂ ’ਤੇ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ, 9 ਅਕਤੂਬਰ- ਇੱਥੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਸੈਕਟਰ-15 ਸਥਿਤ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਦਫ਼ਤਰ ’ਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਐੱਸਵਾਈਐੱਲ ਦੀ ਉਸਾਰੀ ਵਿਰੁੱਧ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਸੌਂਪਣ ਲਈ ਅੱਗੇ ਵਧਣ ਲੱਗੇ ਤਾਂ ਚੰਡੀਗੜ੍ਹ ਪੁਲੀਸ ਨੇ ਬੈਰੀਕੇਡ ਲਗਾ ਕੇ ਰੋਕ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਮਾਮੂਲੀ ਖਿੱਚ-ਧੂਹ ਹੋਈ ਤੇ ਪ੍ਰਦਰਸ਼ਨਕਾਰੀ ਬੈਰੀਕੇਡਾਂ ਦੇ ਉਪਰ ਚੜ੍ਹ ਗਏ। ਪੁਲੀਸ ਨੇ ਕਾਂਗਰਸੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਪੁਲੀਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਦਰਜਨਾਂ ਪਾਰਟੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸੈਕਟਰ-17 ਵਿੱਚ ਲਿਆਂਦਾ ਜਨਿ੍ਹਾਂ ਨੂੰ ਦੋ ਘੰਟਿਆਂ ਮਗਰੋਂ ਛੱਡਿਆ ਗਿਆ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ’ਚ ਕਾਬਜ਼ ਭਾਜਪਾ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼ ਕੰਮ ਕੀਤਾ ਹੈ। ਚਾਹੇ ਉਹ ਤਿੰਨ ਖੇਤੀ ਕਾਨੂੰਨ ਹੋਣ, ਆਰਡੀਐੱਫ ਫੰਡ ਦੇ ਜਾਰੀ ਹੋਣ ’ਤੇ ਰੋਕ ਹੋਵੇ, ਹੜ੍ਹ ਪੀੜਤਾਂ ਦੇ ਮੁਆਵਜ਼ੇ ਦਾ ਮੁੱਦਾ ਹੋਵੇ ਤੇ ਹੁਣ ਐੱਸਵਾਈਐੱਲ ਨਹਿਰ ਦੀ ਉਸਾਰੀ ਦਾ ਮੁੱਦਾ ਵੀ ਪੰਜਾਬ ਦੇ ਖ਼ਿਲਾਫ਼ ਹੈ। ਸ੍ਰੀ ਵੜਿੰਗ ਨੇ ਕਿਹਾ ਕਿ ਰਾਜਪਾਲ ਨੂੰ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸੂਬੇ ’ਚ ਪਾਣੀਆਂ ਦੀ ਅਸਲ ਸਥਿਤੀ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਪੰਜਾਬ ਤਾਂ ਖੁਦ ਟਿਊਬਵੈੱਲਾਂ ਦਾ 80 ਫ਼ੀਸਦ ਪਾਣੀ ਵਰਤਦਾ ਹੈ, ਜਦੋਂ ਕਿ ਸਾਡਾ 70 ਫ਼ੀਸਦ ਪਾਣੀ ਪਹਿਲਾਂ ਹੀ ਗੁਆਂਢੀ ਸੂਬਿਆਂ ਨੂੰ ਦਿੱਤਾ ਜਾਂਦਾ ਹੈ। ਅਜਿਹੇ ਹਾਲਾਤ ’ਚ ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕਰਨਾ ਸਰਾਸਰ ਬੇਇਨਸਾਫ਼ੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਕਿਸੇ ਸੂਬੇ ਨਾਲ ਸਾਂਝੀ ਨਹੀਂ ਕਰਾਂਗੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ’ਚ ਕਈ ਖਾਮੀਆਂ ਹਨ, ਜਨਿ੍ਹਾਂ ’ਚ ਪੰਜਾਬ ਲਈ ਸਭ ਤੋਂ ਜ਼ਿਆਦਾ ਨੁਕਸਾਨ ‘ਆਪ’ ਦੀ ਸੱਤਾ ਸੰਭਾਲਣ ਲਈ ਬਿਲਕੁਲ ਵੀ ਤਜਰਬੇਕਾਰ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲਏ ਜਾਣ ਵਾਲੇ ਫੈਸਲੇ ਪੰਜਾਬ ਵਿਰੋਧੀ ਸਾਬਤ ਹੋਣਗੇ।

Add a Comment

Your email address will not be published. Required fields are marked *