ਪੰਜਾਬ ਦਾ ਫ਼ੌਜੀ ਜਵਾਨ ਹੌਲਦਾਰ ਮਨਦੀਪ ਸਿੰਘ ਹੋਇਆ ਸ਼ਹੀਦ

ਦੋਰਾਹਾ/ਰਾੜਾ ਸਾਹਿਬ –ਜੰਮੂ-ਕਸ਼ਮੀਰ ਦੇ ਪੁੰਛ ’ਚ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਰਾਸ਼ਟਰੀ ਰਾਈਫਲਜ਼ ਯੂਨਿਟ ਦੇ 5 ਜਵਾਨਾਂ ’ਚ ਪੰਜਾਬ ਦਾ ਵੀ ਇਕ ਜਵਾਨ ਸ਼ਾਮਲ ਹੈ। ਇਸ ਅੱਤਵਾਦੀ ਹਮਲੇ ’ਚ ਦੋਰਾਹਾ ਲਾਗਲੇ ਪਿੰਡ ਚਣਕੋਈਆਂ ਕਲਾਂ ਦੇ ਫ਼ੌਜੀ ਜਵਾਨ ਹੌਲਦਾਰ ਮਨਦੀਪ ਸਿੰਘ (39) ਸਪੁੱਤਰ ਸਾਬਕਾ ਸਰਪੰਚ ਸਵ. ਰੂਪ ਸਿੰਘ ਸ਼ਹੀਦ ਹੋ ਗਏ ਹਨ। 

ਹੌਲਦਾਰ ਮਨਦੀਪ ਸਿੰਘ ਦੇ ਸ਼ਹੀਦ ਹੋਣ ਦੀ ਪੁਸ਼ਟੀ ਫ਼ੌਜ ਵੱਲੋਂ ਉਸ ਦੇ ਘਰ ’ਚ ਫੋਨ ਕਰਕੇ ਦਿੱਤੀ ਗਈ। ਦੱਸ ਦੇਈਏ ਕਿ ਸ਼ਹੀਦ ਮਨਦੀਪ ਸਿੰਘ ਭਾਰਤੀ ਫ਼ੌਜ ’ਚ ਹੌਲਦਾਰ ਸੀ ਅਤੇ ਕੁਝ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਸ਼ਹੀਦ ਮਨਦੀਪ ਸਿੰਘ ਆਪਣੀ ਮਾਂ, ਪਤਨੀ ਅਤੇ ਛੋਟੇ ਨੰਨ੍ਹੇ-ਮੁੰਨੇ ਪੁੱਤ ਤੇ ਧੀ, ਭਰਾਵਾਂ ਸਮੇਤ ਹੱਸਦੇ-ਵੱਸਦੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਹੈ। ਮਨਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਜਿਉਂ ਪਿੰਡ ਚਣਕੋਈਆਂ ਕਲਾਂ ਪਹੁੰਚੀ ਤਾਂ ਸਾਰੇ ਪਿੰਡ ’ਚ ਸੰਨਾਟਾ ਛਾ ਗਿਆ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁੰਛ ’ਚ ਵੀਰਵਾਰ ਨੂੰ ਇਕ ਅੱਤਵਾਦੀ ਹਮਲੇ ਤੋਂ ਬਾਅਦ ਫ਼ੌਜ ਦੇ ਵਾਹਨ ’ਚ ਅੱਗ ਲੱਗਣ ਨਾਲ 5 ਜਵਾਨ ਸ਼ਹੀਦ ਹੋ ਗਏ ਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫ਼ੌਜ ਨੇ ਇਕ ਬਿਆਨ ’ਚ ਕਿਹਾ ਕਿ ਸਾਰੇ 5 ਜਵਾਨ ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਸਨ ਤੇ ਇਲਾਕੇ ’ਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਕੀਤੇ ਗਏ ਸਨ। ਫ਼ੌਜ ਦੇ ਮੁੱਖ ਜਨਰਲ ਮਨੋਜ ਪਾਂਡੇ ਨੇ ਇਸ ਘਟਨਾ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਜਾਣਕਾਰੀ ਦਿੱਤੀ। ਫ਼ੌਜ ਨੇ ਕਿਹਾ ਕਿ ਜਿਸ ਵਾਹਨ ’ਚ ਜਵਾਨ ਯਾਤਰਾ ਕਰ ਰਹੇ ਸਨ, ਉਹ ਅਣਪਛਾਤੇ ਅੱਤਵਾਦੀਆਂ ਦੇ ਹਮਲੇ ਦੀ ਲਪੇਟ ’ਚ ਆ ਗਿਆ ਤੇ ਗ੍ਰਨੇਡ ਦੀ ਸੰਭਾਵਿਤ ਵਰਤੋਂ ਕਾਰਨ ਉਸ ’ਚ ਅੱਗ ਲੱਗ ਗਈ।

ਫ਼ੌਜ ਨੇ ਬਿਆਨ ਵਿਚ ਕਿਹਾ, “ਦੁਪਹਿਰ 3 ਵਜੇ ਦੇ ਕਰੀਬ ਰਾਜੌਰੀ ਸੈਕਟਰ ਵਿਚ ਭੀਂਬਰ ਗਲੀ ਤੇ ਪੁੰਛ ਵਿਚਾਲੇ ਫ਼ੌਜ ਦੇ ਇਕ ਵਾਹਨ ਵਿਚ ਭਾਰੀ ਬਾਰਿਸ਼ ਤੇ ਘੱਟ ਵਿਜ਼ਿਬਿਲਟੀ ਦਾ ਫ਼ਾਇਦਾ ਚੁੱਕਦਿਆਂ ਅੱਤਵਾਦੀਆਂ ਨੇ ਗੋਲ਼ੀਬਾਰੀ ਕੀਤੀ। ਅੱਤਵਾਦੀਆਂ ਵੱਲੋਂ ਸੰਭਾਵਿਤ ਤੌਰ ’ਤੇ ਗ੍ਰਨੇਡ ਸੁੱਟਣ ਕਾਰਨ ਵਾਹਨ ’ਚ ਅੱਗ ਲੱਗ ਗਈ।” ਬਿਆਨ ’ਚ ਕਿਹਾ ਗਿਆ ਕਿ ਇਸ ਖੇਤਰ ’ਚ ਅੱਤਵਾਦ ਰੋਕੂ ਮੁਹਿੰਮਾਂ ਲਈ ਤਾਇਨਾਤ ਰਾਸ਼ਟਰੀ ਰਾਈਫਲਜ਼ ਯੂਨਿਟ ਦੇ 5 ਮੁਲਾਜ਼ਮ ਇਸ ਹਮਲੇ ’ਚ ਸ਼ਹੀਦ ਹੋ ਗਏ।  

Add a Comment

Your email address will not be published. Required fields are marked *