ਬਾਈਡੇਨ ਦੇ ਬਿਆਨ ‘ਤੇ ਭੜਕਿਆ ਅੱਤਵਾਦੀ ਸਮੂਹ ਹਮਾਸ, ਰੱਜ ਕੇ ਕੱਢੀ ਭੜਾਸ

ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲਿਆਂ ਵਿਚ 14 ਅਮਰੀਕੀ ਨਾਗਰਿਕਾਂ ਸਣੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਗਰੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਇਜ਼ਰਾਈਲ ਦੇ ਹੱਕ ਵਿਚ ਅਤੇ ਬਿਆਨ ਦਿੱਤਾ ਗਿਆ ਸੀ। ਹੁਣ ਇਸ ‘ਤੇ ਅੱਤਵਾਦੀ ਸਮੂਹ ਹਮਾਸ ਦਾ ਬਿਆਨ ਸਾਹਮਣੇ ਆਇਆ ਹੈ। ਹਮਾਸ ਨੇ ਬਾਈਡੇਨ ਦੇ ਬਿਆਨ ਨੂੰ ਭੜਕਾਊ ਕਰਾਰ ਦਿੱਤਾ ਹੈ।

ਹਮਾਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ, “ਅਸੀਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਦਿੱਤੇ ਭੜਕਾਊ ਬਿਆਨਾਂ ਨੂੰ ਜ਼ੋਰਦਾਰ ਢੰਗ ਨਾਲ ਰੱਦ ਕਰਦੇ ਹਾਂ ਅਤੇ ਇਸ ਦੀ ਨਿੰਦਾ ਕਰਦੇ ਹਾਂ, ਜੋ ਗਾਜ਼ਾ ਪੱਟੀ ਅਤੇ ਸਾਡੇ ਕਬਜ਼ੇ ਵਾਲੇ ਬਾਕੀ ਖੇਤਰਾਂ ਵਿਚ ਸਾਡੇ ਫਲਸਤੀਨੀ ਲੋਕਾਂ ਦੇ ਵਿਰੁੱਧ ਵਹਿਸ਼ੀ ਜ਼ੀਓਨਿਸਟ ਹਮਲੇ ਨੂੰ ਜਾਰੀ ਰੱਖਣ ਅਤੇ ਵਧਾਉਣ ਦੇ ਨਾਲ ਮੇਲ ਖਾਂਦਾ ਹੈ। ਅਸੀਂ ਇਨ੍ਹਾਂ ਬਿਆਨਾਂ ਨੂੰ ਸਾਡੇ ਲੋਕਾਂ ਦੇ ਖ਼ੂਨ ਵਿਚ ਭਿੱਜ ਚੁੱਕੀ ਜ਼ੀਓਨਿਸਟ ਸਰਕਾਰ ਦੀ ਅਪਰਾਧਿਕਤਾ ਅਤੇ ਅੱਤਵਾਦ ਨੂੰ ਢੱਕਣ ਦੀ ਕੋਸ਼ਿਸ਼ ਮੰਨਦੇ ਹਾਂ, ਕਿਉਂਕਿ ਉਸ ਨੇ ਆਪਣੇ ਭਾਸ਼ਣ ਵਿਚ ਸਾਡੇ ਲੋਕਾਂ ਦੇ ਵਿਰੁੱਧ ਜ਼ੀਓਨਿਸਟ ਤਾਕਤਾਂ ਦੁਆਰਾ ਕੀਤੇ ਗਏ ਕਤਲੇਆਮ ਦਾ ਕੋਈ ਜ਼ਿਕਰ ਨਹੀਂ ਕੀਤਾ।”

ਜ਼ਿਕਰਯੋਗ ਹੈ ਕਿ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਸੀ। ਇਸ ਮਗਰੋਂ ਵ੍ਹਾਈਟ ਹਾਊਸ ਤੋਂ ਦਿੱਤੇ ਭਾਸ਼ਣ ਵਿਚ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਅਸੀਂ ਇਜ਼ਰਾਈਲ ਦੇ ਨਾਲ ਖੜ੍ਹੇ ਹਾਂ। ਅਮਰੀਕਾ ਵਿਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ – ਨਾ ਯਹੂਦੀਆਂ ਦੇ ਖਿਲਾਫ, ਨਾ ਮੁਸਲਮਾਨਾਂ ਦੇ ਖਿਲਾਫ, ਨਾ ਕਿਸੇ ਹੋਰ ਦੇ ਖਿਲਾਫ। ਅਸੀਂ ਇਸ ਅੱਤਵਾਦ ਨੂੰ ਰੱਦ ਕਰਦੇ ਹਾਂ।

Add a Comment

Your email address will not be published. Required fields are marked *