ਹਿੰਦੂ ਧਰਮ ਖਿਲਾਫ ਟਿੱਪਣੀ ਕਾਰਨ ਪਾਕਿ ਮਹਿਲਾ ਐਂਕਰ ਨੂੰ ਭਾਰਤ ਤੋਂ ਕੀਤਾ ਗਿਆ ਡਿਪੋਰਟ

ਨਵੀਂ ਦਿੱਲੀ : ਪਾਕਿਸਤਾਨ ਦੀ ਮਸ਼ਹੂਰ ਸਪੋਰਟਸ ਐਂਕਰ ਜ਼ੈਨਬ ਅੱਬਾਸ ਆਪਣੀਆਂ ਕੁਝ ਸੋਸ਼ਲ ਮੀਡੀਆ ਪੋਸਟਾਂ ਕਾਰਨ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ। ਭਾਰਤ ਵਿੱਚ ਚੱਲ ਰਹੇ ਕ੍ਰਿਕਟ ਵਿਸ਼ਵ ਕੱਪ 2023 ਲਈ ਆਈ. ਸੀ. ਸੀ. ਦੀ ਟਿੱਪਣੀਕਾਰਾਂ ਦੀ ਸੂਚੀ ਵਿੱਚ ਸ਼ਾਮਲ ਇਸ ਮਹਿਲਾ ਪੱਤਰਕਾਰ ਦੀਆਂ ਪਿਛਲੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਕੀਤੀ ਗਈ। ਹਿੰਦੂ ਦੇਵੀ-ਦੇਵਤਿਆਂ ‘ਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ ‘ਤੇ ਕੀਤੀ ਗਈ ਇਹ ਜਾਂਚ ਸਹੀ ਪਾਈ ਗਈ, ਜਿਸ ਤੋਂ ਬਾਅਦ ਉਸ ਨੂੰ ਭਾਰਤ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਉਹ ਫਿਲਹਾਲ ਦੁਬਈ ‘ਚ ਹੈ। ਜ਼ੈਨਬ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹਾਲਾਂਕਿ, ਇਸ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਯਾਨੀ ICC ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਭਾਰਤ ਦੀ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਵਕੀਲ ਵਿਨੀਤ ਜਿੰਦਲ ਨੇ ਜ਼ੈਨਬ ਖ਼ਿਲਾਫ਼ ਸਾਈਬਰ ਸ਼ਿਕਾਇਤ ਦਰਜ ਕਰਵਾਈ ਹੈ। 35 ਸਾਲਾ ਐਂਕਰ ਦੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ਤੋਂ ਕਥਿਤ ਪੁਰਾਣੀਆਂ ਪੋਸਟਾਂ, ਜਿਨ੍ਹਾਂ ਨੂੰ ‘ਹਿੰਦੂ ਵਿਰੋਧੀ’ ਅਤੇ ‘ਭਾਰਤ ਵਿਰੋਧੀ’ ਮੰਨਿਆ ਜਾਂਦਾ ਸੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇਹ ਕਾਨੂੰਨੀ ਕਾਰਵਾਈ ਕੀਤੀ ਗਈ ਸੀ। ਵਕੀਲ ਨੇ ਦੋਸ਼ ਲਾਇਆ ਕਿ ਇਹ ਇਤਰਾਜ਼ਯੋਗ ਟਵੀਟ ਕਰੀਬ 9 ਸਾਲ ਪਹਿਲਾਂ ਪੋਸਟ ਕੀਤੇ ਗਏ ਸਨ।

ਸਮਾ ਟੀਵੀ ਦੇ ਅਨੁਸਾਰ, ਜ਼ੈਨਬ ਨੇ ਆਪਣੇ ਬਚਾਅ ਵਿੱਚ ਦਲੀਲ ਦਿੱਤੀ ਹੈ ਕਿ ਇਹ ਟਵੀਟ ਕਈ ਸਾਲ ਪੁਰਾਣੇ ਹਨ ਅਤੇ ਉਸਦੀ ਵਿਸ਼ਵ ਕੱਪ ਕੁਮੈਂਟਰੀ ਨਾਲ ਕੋਈ ਸਬੰਧ ਨਹੀਂ ਹੈ, ਇਸ ਲਈ ਉਸਨੂੰ ਭਾਰਤ ਤੋਂ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ ਸੀ। ਫਿਲਹਾਲ ਜ਼ੈਨਬ ਅੱਬਾਸ ਦੁਬਈ ‘ਚ ਹੈ। ਅਸਲ ‘ਚ ਜ਼ੈਨਬ ਅੱਬਾਸ ਨੇ ਇਹ ਟਵੀਟ ਉਦੋਂ ਕੀਤੇ ਸਨ ਜਦੋਂ ਟਵਿੱਟਰ ‘ਤੇ ਉਸ ਦਾ ਯੂਜ਼ਰ ਨੇਮ ‘zainblowsrk’ ਸੀ। ਹੁਣ ਉਨ੍ਹਾਂ ਨੇ ਇਸ ਨੂੰ ਬਦਲ ਕੇ ‘ਜਬਾਸ ਆਫੀਸ਼ੀਅਲ’ ‘ਚ ਅਪਡੇਟ ਕਰ ਦਿੱਤਾ ਹੈ।

ਐਡਵੋਕੇਟ ਅਤੇ ਸਮਾਜਿਕ ਕਾਰਕੁਨ ਵਿਨੀਤ ਜਿੰਦਲ ਨੇ ਸੋਸ਼ਲ ਮੀਡੀਆ ‘ਤੇ ਜ਼ੈਨਬ ਦੇ ਖਿਲਾਫ ਹਿੰਦੂ ਧਰਮ ਅਤੇ ਵਿਸ਼ਵਾਸ ਅਤੇ ਭਾਰਤ ਵਿਰੋਧੀ ਬਿਆਨਾਂ ਬਾਰੇ ਅਪਮਾਨਜਨਕ ਟਿੱਪਣੀਆਂ ਲਈ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਦੀ ਕਾਪੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਵਿਨੀਤ ਨੇ ਆਈ. ਪੀ. ਸੀ. ਦੀ ਧਾਰਾ 153A,295,506,121 ਅਤੇ ਆਈਟੀ ਐਕਟ ਦੀ ਧਾਰਾ 67 ਤਹਿਤ ਐਫ. ਆਈ. ਆਰ. ਦਰਜ ਕਰਨ ਦੀ ਬੇਨਤੀ ਕੀਤੀ ਹੈ।

Add a Comment

Your email address will not be published. Required fields are marked *