ਵਿਸ਼ਵ ਕੱਪ ਜੇਤੂ ਕੋਚ ਬੇਲਿਸ ਦਾ ਪੰਜਾਬ ਕਿੰਗਜ਼ ਦਾ ਮੁੱਖ ਕੋਚ ਬਣਨਾ ਤੈਅ
September 4, 2022
ਨਵੀਂ ਦਿੱਲੀ, 3 ਸਤੰਬਰ – ਪੰਜਾਬ ਕਿੰਗਜ਼ ਆਈ.ਪੀ.ਐਲ. (ਇੰਡੀਅਨ ਪ੍ਰੀਮੀਅਰ ਲੀਗ) ਦੇ 2023 ਸੀਜ਼ਨ ਤੋਂ ਪਹਿਲਾਂ ਵਿਸ਼ਵ ਕੱਪ ਵਿਜੇਤਾ ਕੋਚ ਟ੍ਰੇਵਰ ਬੇਲਿਸ ਨਾਲ ਮੁੱਖ ਕੋਚ ਦੇ ਰੂਪ ‘ਚ ਕਰਾਰ ਕਰਨ ਲਈ ਤਿਆਰ ਹੈ | ਨਿਊ ਸਾਊਥ ਵੇਲਜ਼ ਦੇ 59 ਸਾਲਾ ਬੇਲਿਸ ਆਈ.ਪੀ.ਐਲ. ਨਾਲ ਨਿਯਮਿਤ ਰੂਪ ਨਾਲ ਜੁੜੇ ਰਹੇ ਹਨ ਅਤੇ ਹਾਲ ਹੀ ‘ਚ ਉਨ੍ਹਾਂ ਨੇ ਸਨਰਾਈਜ਼ ਹੈਦਰਾਬਾਦ ਨੂੰ ਕੋਚਿੰਗ ਦਿੱਤੀ ਸੀ | ਪੰਜਾਬ ਦੀ ਉਮੀਦ ਇਸ ਆਸਟ੍ਰੇਲੀਆਈ ਕੋਚ ਤੋਂ ਖਿਤਾਬ ਦਿਵਾਉਣ ‘ਤੇ ਲੱਗੀ ਹੋਵੇਗੀ | ਬੇਲਿਸ 2019 ‘ਚ ਇੰਗਲੈਂਡ ਨੂੰ ਪਹਿਲਾ ਵਿਸ਼ਵ ਕੱਪ ਖਿਤਾਬ ਦਿਵਾ ਚੁੱਕੇ ਹਨ ਅਤੇ ਉਹ ਕੋਲਕਾਤਾ ਨਾਈਟ ਰਾਈਡਰਜ਼ ਦੇ ਸਹਿਯੋਗੀ ਸਟਾਫ਼ ਦੇ ਮੁਖੀ ਵੀ ਸਨ, ਜਦ ਉਸ ਨੇ 2012 ਅਤੇ 2014 ‘ਚ ਆਈ.ਪੀ. ਐਲ. ਜਿੱਤਿਆ ਸੀ | ਬੇਲਿਸ ਭਾਰਤ ਦੇ ਮਹਾਨ ਕ੍ਰਿਕਟਰ ਅਨਿਲ ਕੁੰਬਲੇ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਕਰਾਰ ਨਹੀਂ ਵਧਾਇਆ ਨਹੀਂ ਗਿਆ ਸੀ, ਕਿਉਂਕਿ ਉਨ੍ਹਾਂ ਦੇ ਤਿੰਨ ਸਾਲ ਦੇ ਕਾਰਜਕਾਲ ‘ਚ ਟੀਮ ਪਲੇਆਫ ‘ਚ ਪਹੁੰਚਣ ‘ਚ ਅਸਫਲ ਰਹੀ ਸੀ |

