ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦਾ, ਪ੍ਰਧਾਨ ਧਾਮੀ ਨੇ 7 ਕਰਮਚਾਰੀਆਂ ਦੀਆਂ ਸੇਵਾਵਾਂ ਕੀਤੀਆਂ ਖ਼ਤਮ

ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਦੇ ਮਾਮਲੇ ’ਤੇ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਬ -ਕਮੇਟੀ ਦੀ ਰਿਪੋਰਟ ਦੀਆ ਸਿਫ਼ਾਰਿਸ਼ਾਂ ਮੰਨਦਿਆਂ 7 ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਤੇ 2 ਕਰਮਚਾਰੀਆਂ ਦੀ ਮੁੜ ਪੜਤਾਲ ਸ਼ੁਰੂ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਇਸ ਰਿਪੋਰਟ ’ਤੇ ਕਰਮਚਾਰੀਆਂ ’ਤੇ ਕੀਤੀ ਜਾਣ ਵਾਲੀ ਕਾਰਵਾਈ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ। ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਲਾਪਤਾ ਸਰੂਪਾਂ ਦੇ ਮਾਮਲੇ ’ਤੇ ਬਣੀ ਸਬ-ਕਮੇਟੀ ਦੀ ਰਿਪੋਰਟ ਕਿਸੇ ਵੀ ਮੈਂਬਰ ਨੂੰ ਨਹੀਂ ਦਿਖਾਈ ਗਈ। ਚਲਦੀ ਮੀਟਿੰਗ ’ਚ ਇਕ ਅਧਿਕਾਰੀ ਇਹ ਰਿਪੋਰਟ ਲੈ ਕੇ ਹਾਜ਼ਰ ਹੋਇਆ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਰਿਪੋਰਟ ’ਤੇ ਫ਼ੈਸਲਾ ਸੁਣਾਇਆ।

ਸਬ-ਕਮੇਟੀ ਦੀ ਇਸ ਰਿਪੋਰਟ ’ਤੇ ਕਾਰਵਾਈ ਕਰਦਿਆਂ ਐਡਵੋਕੇਟ ਧਾਮੀ ਨੇ ਮੀਤ ਸਕੱਤਰ ਸਤਿੰਦਰ ਸਿੰਘ, ਮੀਤ ਸਕੱਤਰ ਗੁਰਬਚਨ ਸਿੰਘ, ਇੰਚਾਰਜ 85 ਪਰਮਦੀਪ ਸਿੰਘ, ਸਹਾਇਕ ਅਕਾਊਂਟੈਂਟ ਆਡਿਟ ਜੁਝਾਰ ਸਿੰਘ, ਕਲਰਕ ਇਮਾਰਤੀ ਵਿਭਾਗ ਬਾਜ ਸਿੰਘ, ਹੈਲਪਰ ਦਲਬੀਰ ਸਿੰਘ ਤੇ ਸੁਪਰਵਾਈਜ਼ਰ ਗੁਰਮੁੱਖ ਸਿੰਘ ਦੀਆਂ ਸੇਵਾਵਾਂ ਖ਼ਤਮ ਕੀਤੀਆਂ, ਜਦਕਿ ਸਕੱਤਰ ਮਨਜੀਤ ਸਿੰਘ ਤੇ ਨਿਸ਼ਾਨ ਸਿੰਘ ਦੀ ਮੁੜ ਪੜਤਾਲ ਕਰਨ ਲਈ ਇਕ ਦੋ ਮੈਂਬਰੀ ਸਬ-ਕਮੇਟੀ ਬਣਾਈ ਹੈ। ਇਸ ਸਬ-ਕਮੇਟੀ ’ਚ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਤੇ ਸ਼ੇਰ ਸਿੰਘ ਮੰਡ ਵਾਲਾ ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ’ਚ ਲਏ ਇਸ ਫ਼ੈਸਲੇ ਦਾ ਵਿਰੋਧੀ ਧਿਰ ਤੇ ਆਗੂਆਂ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਵਾਲੇ, ਮਲਕੀਤ ਸਿੰਘ ਚੰਗਾਲ ਤੇ ਭੁਪਿੰਦਰ ਸਿੰਘ ਅਸੰਧ ਨੇ ਵਿਰੋਧ ਕਰਦਿਆਂ ਕਿਹਾ ਕਿ 328 ਸਰੂਪਾਂ ਦੇ ਮਸਲੇ ’ਤੇ ਜੋ ਕੁਝ ਵੀ ਚੱਲ ਰਿਹਾ ਹੈ, ਇਸ ’ਤੇ ਸਾਡੀ ਬਿਲਕੁੱਲ ਵੀ ਸਹਿਮਤੀ ਨਹੀਂ ਹੈ।

ਤਿੰਨਾਂ ਆਗੂਆਂ ਨੇ ਕਿਹਾ ਕਿ ਕਿਉਂਕਿ ਪੰਥ ’ਚ ਇਹ ਬਹੁਤ ਵੱਡੇ ਸਵਾਲ ਨੇ ਕਿ ਆਪਣੀਆਂ ਕਮੇਟੀਆਂ ਬਣਾ ਕੇ ਜਾਂ ਆਪਣੀ ਮਰਜ਼ੀ ਨਾਲ ਜਿਹੜੇ ਫ਼ੈਸਲੇ ਕਰ ਲੈਣਾ, ਇਹ ਪੰਥ ਨੂੰ ਪ੍ਰਵਾਨ ਨਹੀਂ, ਸਹੀ ਤਰੀਕੇ ’ਚ ਹਿਸਾਬ ਦੇਣਾ ਪਵੇਗਾ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅਗਨੀਕਾਂਡ ਹੋਇਆ, ਉਸ ਸਮੇਂ ਗੁਰੂ ਸਾਹਿਬ ਦੇ ਪਾਵਨ ਸਰੂਪ ਕਿੰਨੇ ਅਗਨ ਭੇਟ ਹੋਏ। ਇਹ ਸਾਰੇ ਸਰੂਪ ਗੋਇੰਦਵਾਲ ਸਾਹਿਬ ਕਿਉਂ ਨਹੀਂ ਦਰਜ ਹੋਏ, ਈਸ਼ਰ ਸਿੰਘ ਵਾਲੀ ਰਿਪੋਰਟ ਹੈ, ਉਸ ’ਚ ਵੀ ਬਹੁਤ ਵੱਡੇ ਖੁਲਾਸੇ ਹੋਏ ਹਨ, ਭਾਵੇਂ ਜਾਂਚ ਨੂੰ ਪੰਥ ਦੇ ਵੱਡੇ ਹਿੱਸੇ ’ਚ ਪੂਰੀ ਤਰ੍ਹਾਂ ਸਹੀ ਨਹੀਂ ਪਾਇਆ ਗਿਆ ਕਿਉਂਕਿ ਅਸਲ ਦੋਸ਼ੀ ਬਚਾਏ ਗਏ, ਜਿਨ੍ਹਾਂ ਦੇ ਵੱਡੇ ਰੋਲ ਸਨ। 

Add a Comment

Your email address will not be published. Required fields are marked *