ਪੰਜਾਬ ’ਚ ਏ. ਐੱਸ. ਆਈ. ਦੇ ਨੌਜਵਾਨ ਪੁੱਤਰ ਦਾ ਬੇਰਹਿਮੀ ਨਾਲ ਕਤਲ

ਫਰੀਦਕੋਟ : ਫਰੀਦਕੋਟ ਦੀ ਡਰੀਮ ਸਿਟੀ ਕਲੋਨੀ ਵਿਚ ਦੇਰ ਰਾਤ ਕਰੀਬ 10 ਵਜੇ ਘਰ ਅੱਗੇ ਰੱਖੇ ਬੈਂਚ ’ਤੇ ਬੈਠਣ ਨੂੰ ਲੈ ਕੇ ਹੋਈ ਲੜਾਈ ਵਿਚ ਪੰਜਾਬ ਪੁਲਸ ਦੇ ਏ. ਐੱਸ. ਆਈ. ਦੇ ਨੌਜਵਾਨ ਪੁੱਤਰ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਇਸ ਖੂਨੀ ਲੜਾਈ ਵਿਚ ਕਰੀਬ ਅੱਧਾ ਦਰਜਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਮ੍ਰਿਤਕ ਦੀ ਪਹਿਚਾਣ ਡਰੀਮ ਸਿਟੀ ਵਾਸੀ ਤਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਜੋਂ ਹੋਈ, ਜਦਕਿ ਬਾਕੀ ਜ਼ਖਮੀਆਂ ਦਾ ਫਰੀਦਕੋਟ ਦੇ ਜੀ. ਜੀ. ਐੱਸ. ਮੈਡੀਕਲ ਹਸਪਤਾਲ ਵਿਚ ਇਲਾਜ ਚੱਲ ਰਿਹਾ। ਮੌਕੇ ’ਤੇ ਪਹੁੰਚੀ ਪੁਲਸ ਵਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਪੁਲਸ ਮੁਲਾਜ਼ਮ ਦੇ ਏ. ਐੱਸ. ਆਈ. ਦਾ ਪੁੱਤਰ ਹੈ, ਜੋ ਕਿ ਬਠਿੰਡਾ ਰਿਫਾਇਨਰੀ ਵਿਚ ਤਾਇਨਾਤ ਹੈ। 

ਗੱਲਬਾਤ ਕਰਦਿਆਂ ਡੀ. ਐੱਸ. ਪੀ. ਫਰੀਦਕੋਟ ਆਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਡਰੀਮ ਸਿਟੀ ਵਿਚ ਲੜਾਈ ਹੋਈ ਹੈ ਤਾਂ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਤਾਂ ਪਤਾ ਚਲਿਆ ਕਿ ਆਪਸ ਵਿਚ ਗੁਆਂਢ ਵਿਚ ਰਹਿੰਦੇ ਦੋ ਪਰਿਵਾਰਾਂ ਵਿਚਕਾਰ ਘਰ ਅੱਗੇ ਰੱਖੇ ਬੈਂਚ ’ਤੇ ਬੈਠਣ ਨੂੰ ਲੈ ਕੇ ਲੜਾਈ ਹੋਈ ਹੈ। ਇਸ ਵਿਚ ਲਗਭਗ 5/6 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਨੌਜਵਾਨ ਦੀ ਹੋਈ ਮੌਤ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਜੇ ਡਾਕਟਰ ਜਾਂਚ ਕਰ ਰਹੇ ਹਨ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *