ਸ਼ੁੱਭਕਰਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਨਾਲ ਦਿੱਤਾ 1 ਕਰੋੜ ਦਾ ਆਫ਼ਰ

ਪਟਿਆਲਾ/ਸਨੌਰ/ਖਨੌਰੀ (ਮਨਦੀਪ ਜੋਸਨ, ਰਾਜੇਸ਼ ਪੰਜੌਲਾ, ਬਲਜਿੰਦਰ, ਮਾਨ) – ਖਨੌਰੀ ਬਾਰਡਰ ’ਤੇ ਹਰਿਆਣਾ ਪੁਲਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁੱਭਕਰਨ ਨੂੰ ਲੈ ਕੇ ਅੱਜ ਵੀ ਸਥਿਤੀ ਬੇਹੱਦ ਤਣਾਅਪੂਰਨ ਰਹੀ। ਕਿਸਾਨ ਨੇਤਾਵਾਂ ਨੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਦਿੱਤਾ 1 ਕਰੋੜ ਅਤੇ ਸਰਕਾਰੀ ਨੌਕਰੀ ਨਾ-ਮਨਜੂਰ ਕਰ ਦਿੱਤੀ ਅਤੇ ਐਲਾਨ ਕੀਤਾ ਕਿ ਪਹਿਲਾਂ ਪੰਜਾਬ ਸਰਕਾਰ ਸ਼ੁੱਭਕਰਨ ਦੇ ਦੋਸ਼ੀਆਂ ’ਤੇ ਕਤਲ ਦਾ ਮੁਕੱਦਮਾ ਦਰਜ ਕਰਵਾਏ। ਉਦੋਂ ਤੱਕ ਨਾ ਤਾਂ ਪੋਸਟਮਾਰਟਮ ਹੋਵੇਗਾ ਅਤੇ ਨਾ ਹੀ ਸੰਸਕਾਰ।

ਪੰਜਾਬ ਸਰਕਾਰ ਵੱਲੋਂ ਅੱਜ ਸਵੇਰੇ ਹੀ ਖਨੌਰੀ ਬਾਰਡਰ ਵਿਖੇ ਮਾਰੇ ਗਏ ਸ਼ੁੱਭਕਰਨ ਦੇ ਪਰਿਵਾਰ ਲਈ ਨੌਕਰੀ ਅਤੇ ਇਕ ਕਰੋੜ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਇਕਦਮ ਸਭ ਕੁਝ ਗਰਮਾ ਗਿਆ। ਹਾਲਾਂਕਿ ਕੁਝ ਹਲਕਿਆਂ ਵੱਲੋਂ ਇਸ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਪਰ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਸੀਨੀਅਰ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ ਅਤੇ ਸ਼ੁੱਭਕਰਨ ਦੇ ਪਰਿਵਾਰਕ ਮੈਂਬਰਾਂ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਸਪੱਸ਼ਟ ਆਖਿਆ ਕਿ ਸਾਨੂੰ ਸਾਡੇ ਪੁੱਤਰ ਦਾ ਮੁੱਲ ਪੈਸਿਆਂ ਨਾਲ ਨਾ ਤੋਲੇ ਸਰਕਾਰ।

ਨੇਤਾਵਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਵੀ ਸਪੱਸ਼ਟ ਹਨ ਕਿ ਐੱਫ. ਆਈ. ਆਰ. ਜਾਂ ਮੁਕੱਦਮਾ ਦਰਜ ਕਰਨ ਲਈ ਪਹਿਲਾਂ ਕਿਸੇ ਵੀ ਛਾਣਬੀਨ ਦੀ ਲੋੜ ਨਹੀਂ ਹੈ। ਫਿਰ ਸਰਕਾਰ ਕਿਉਂ ਇਹ ਦੇਰੀ ਕਰ ਰਹੀ ਹੈ। ਕਿਸਾਨ ਨੇਤਾਵਾਂ ਨੇ ਆਖਿਆ ਕਿ ਅਸੀਂ ਅਤੇ ਪੰਜਾਬ ਦੇ ਲੋਕ ਸ਼ੁੱਭ ਦੇ ਪਰਿਵਾਰ ਨੂੰ 1 ਕਰੋੜ ਦੀ ਥਾਂ ਕਈ ਕਰੋੜ ਇਕੱਠਾ ਕਰ ਕੇ ਦੇ ਸਕਦੇ ਹਾਂ ਪਰ ਗੱਲ ਹੁਣ ਇਨਸਾਫ ਦੀ ਹੈ। ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਕਿਸਾਨ ਸ਼ੁੱਭਕਰਨ ਦੇ ਸਿੱਧੀ ਗੋਲੀ ਸਿਰ ’ਚ ਮਾਰੀ ਗਈ।

ਕਿਸਾਨ ਨੇਤਾਵਾਂ ਨੇ ਆਖਿਆ ਕਿ ਇਕ ਪਾਸੇ ਨਿਹੱਥੇ ਕਿਸਾਨ ਅਤੇ ਦੂਸਰੇ ਪਾਸੇ ਹਥਿਆਰਬੰਦ ਫੌਜਾਂ ’ਤੇ ਇਹ ਸਭ ਕੁਝ ਵੀਡੀਓ ਅਤੇ ਫੋਟੋਆਂ ’ਚ ਕਲੀਅਰ ਹੋ ਚੁੱਕਾ ਹੈ ਕਿ ਸ਼ਰੇਆਮ ਗੋਲੀ ਮਾਰੀ ਗਈ।

ਪੰਜਾਬ ਵਾਲੇ ਪਾਸੇ ਆ ਕੇ ਸਾਡੇ ਸੈਂਕੜੇ ਟਰੈਕਟਰ, ਕਾਰਾਂ ਅਤੇ ਹੋਰ ਵ੍ਹੀਕਲ ਭੰਨ੍ਹ ਦਿੱਤੇ। ਉਸ ਤੋਂ ਬਾਅਦ ਵੀ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਪਰਚਾ ਦਰਜ ਨਹੀਂ ਹੋ ਰਿਹਾ, ਜਿਹੜਾ ਕਿ ਲੋਕਤੰਤਰ ਦਾ ਵੱਡਾ ਘਾਣ ਹੈ।

ਇਸ ਮੌਕੇ ਸ਼ੁੱਭਕਰਨ ਦੇ ਪਰਿਵਾਰ ’ਚੋਂ ਚਾਚਾ ਲੱਗਦੇ ਇਕ ਕਿਸਾਨ ਨੇ ਸਪੱਸ਼ਟ ਆਖਿਆ ਕਿ ਐੱਫ. ਆਰ. ਆਈ. ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਜਦੋਂ ਤੱਕ ਉਨ੍ਹਾਂ ਲੋਕਾਂ ’ਤੇ 302 ਦਾ ਮੁਕੱਦਮਾ ਦਰਜ ਨਹੀਂ, ਉਦੋਂ ਤੱਕ ਨਾ ਤਾਂ ਉਹ ਪੋਸਟਮਾਰਟ ਕਰਵਾਉਣਗੇ ਅਤੇ ਨਾ ਹੀ ਸੰਸਕਾਰ ਕਰਨਗੇ।

Add a Comment

Your email address will not be published. Required fields are marked *