ਮੈਲਬੌਰਨ ‘ਚ “ਡਰਾਮੇ ਆਲੇ 2″ ਬੈਨਰ ਹੇਠ ਹਾਸਰਸ ਡਰਾਮੇ ਦਾ ਕੀਤਾ ਗਿਆ ਸਫਲ ਮੰਚਨ

ਮੈਲਬੌਰਨ – ਯਾਰ ਆਸਟ੍ਰੇਲੀਆ ਵਾਲੇ ਵਲੋਂ “ਡਰਾਮੇ ਆਲੇ 2″ ਬੈਨਰ ਹੇਠ ਹਾਸਰਸ ਡਰਾਮੇ ਦਾ ਮੰਚਨ ਇਨਕੋਰ ਇਵੈਂਟ ਸੈਂਟਰ ਹੋਪਰਜ਼ ਕਰਾਸਿੰਗ ਵਿਖੇ ਕੀਤਾ ਗਿਆ। ਇਸ ਡਰਾਮੇ ਨੂੰ ਦਰਸ਼ਕ ਪਰਿਵਾਰਾਂ ਸਮੇਤ ਦੇਖਣ ਲਈ ਪੁੱਜੇ ਹੋਏ ਸਨ। ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਇਸ ਨਾਟਕ ਵਿੱਚ ਭਾਗ ਲੈਣ ਪੁੱਜੇ ਪ੍ਰੱਸਿਧ ਅਦਾਕਾਰ ਤੇ ਰੰਗਕਰਮੀ ਡਾ: ਜੱਗੀ ਧੂਰੀ ਤੇ ਸਿੰਘ ਵੀ. ਵਿੱਕੀ ਦੇ ਦਿਸ਼ਾ ਨਿਰਦੇਸ਼ਨਾਂ ਤੇ ਅਮਨ ਸੰਗਰੂਰ ਦੀ ਸਹਿ ਨਿਰਦੇਸ਼ਨਾਂ ਹੇਠ ਇਹ ਡਰਾਮਾ ਤਿਆਰ ਕੀਤਾ ਗਿਆ ਸੀ। ਜਿਸ ਵਿੱਚ ਜੱਗੀ ਧੂਰੀ ਸਮੇਤ ਪ੍ਰਦੀਪ ਬਰਾੜ, ਹੈਪੀ ਜੀਤ ਪੈਂਚਰਾਂ ਵਾਲਾ, ਮਨਜੀਤ ਕੌਰ ਮਨੀ, ਡੌਨੀ ਧਵਨ, ਸਿੰਘ ਵੀ ਵਿੱਕੀ ਤੇ ਅਰਮਾਨ ਭੰਗੂ ਵਲੋਂ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ। 

ਇਹਨਾਂ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਨਾਲ ਨੌਜਵਾਨੀ ਵਿੱਚ ਨਸ਼ੇ, ਸੰਗੀਤਕ ਲੱਚਰਤਾ, ਏਜੰਟਾਂ ਵਲੋਂ ਕੀਤੀ ਜਾਂਦੀ ਲੁੱਟ ਖਸੁੱਟ ,ਕਿਸਾਨੀ ਕਰਜ਼ੇ ਤੇ ਪੰਜਾਬ ਦੀ ਰਾਜਨੀਤੀ, ਪੰਜਾਬ ਦੀ ਅਜੋਕੀ ਦਸ਼ਾ, ਨੌਜਵਾਨੀ ਦਾ ਵਿਦੇਸ਼ਾਂ ਵੱਲ ਨੂੰ ਜਾਣ ਦਾ ਰੁਝਾਨ ਤੇ ਭ੍ਰਿਸ਼ਟ ਸਿਸਟਮ ‘ਤੇ ਜਿੱਥੇ ਤਿੱਖੇ ਵਿਅੰਗ ਵੀ ਕੱਸੇ, ਉਥੇ ਹੀ ਆਪਣੀ ਅਦਾਕਾਰੀ ਨਾਲ ਅਜੋਕੇ ਭ੍ਰਿਸਟ ਸਿਸਟਮ ‘ਤੇ ਕਰਾਰੀ ਚੋਟ ਵੀ ਕੀਤੀ। ਇਸ ਨਾਟਕ ਨੇ ਗੱਲਾਂ-ਗੱਲਾਂ ਵਿੱਚ ਜਿੱਥੇ ਆਏ ਹੋਏ ਦਰਸ਼ਕਾਂ ਨੂੰ ਖੂਬ ਹਸਾਇਆ, ਉਥੇ ਹੀ ਭਾਵੁਕ ਵੀ ਕੀਤਾ। ਕਰੀਬ ਦੋ ਘੰਟੇ ਤੱਕ ਚੱਲੇ ਇਸ ਹਾਸਰਸ ਡਰਾਮੇ ਨੇ ਅਜਿਹਾ ਸਮਾਂ ਬੰਨ੍ਹਿਆ ਕਿ ਦਰਸ਼ਕਾਂ ਨੂੰ ਸਮੇਂ ਦਾ ਅਹਿਸਾਸ ਹੀ ਨਹੀ ਹੋਇਆ। 

ਇਸ ਡਰਾਮੇ ਦੇ ਸਾਰੇ ਕਲਾਕਾਰਾਂ ਦੀ ਇਹ ਖਾਸੀਅਤ ਇਹ ਸੀ ਕਿ ਉਨਾਂ ਵੱਖ-ਵੱਖ ਕਿਰਦਾਰਾਂ ਨੂੰ ਬਹੁਤ ਹੀ ਬਾਖੂਬੀ ਨਾਲ ਨਿਭਾਇਆ ਤੇ ਦਰਸ਼ਕਾਂ ਦੀਆਂ ਤਾੜੀਆਂ ਨੇ ਵੀ ਇਹਨਾਂ ਕਲਾਕਾਰਾਂ ਨੂੰ ਪੂਰਾ ਹੌਂਸਲਾ ਦਿੱਤਾ। ਇਸ ਮੌਕੇ ਮੰਚ ਸੰਚਾਲਨ ਸੁਖਜੀਤ ਸਿੰਘ ਔਲਖ ਵਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਡਰਾਮੇ ਦੇ ਨਿਰਦੇਸ਼ਕ ਜੱਗੀ ਧੂਰੀ ਤੇ ਸਿੰਘ ਵੀ ਵਿੱਕੀ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਇੱਕ ਡਰਾਮੇ ਨੂੰ ਤਿਆਰ ਕਰਨ ਵਿੱਚ ਕਲਾਕਾਰ ਦੀ ਕਈ ਮਹੀਨਿਆਂ ਦੀ ਮਿਹਨਤ ਲੱਗੀ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਪੰਜਾਬੀ ਰੰਗਮੰਚ ਨੂੰ ਵਿਦੇਸ਼ਾਂ ਦੀ ਧਰਤੀ ‘ਤੇ ਪ੍ਰਫੁੱਲਿਤ ਕਰਨਾ ਵੀ ਪ੍ਰਾਪਤੀ ਵਾਂਗ ਦੇਖ ਰਹੇ ਹਾਂ।  ਉਹਨਾਂ ਕਿਹਾ ਕਿ ਡਰਾਮੇ  ਆਲੇ 2 ਨੂੰ ਮੈਲਬੌਰਨ ਵਾਸੀਆਂ ਵਲੋਂ ਵਿਖਾਏ ਉਤਸ਼ਾਹ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਆਸਟ੍ਰੇਲੀਆ ਵਿੱਚ ਪੰਜਾਬੀ ਥਿਏਟਰ ਨੂੰ ਪੈਰਾਂ ਸਿਰ ਕਰਨ ਦੇ ਲਈ ਸਿੰਘ ਬੀ ਤੇ ਉਨਾਂ ਦੀ ਟੀਮ ਵਧਾਈ ਦੀ ਪਾਤਰ ਹੈ, ਜਿੰਨਾਂ ਨੇ ਇਹ ਉਪਰਾਲਾ ਕੀਤਾ। ਇਸ ਡਰਾਮੇ ਨੂੰ ਕਾਮਯਾਬ ਕਰਨ ਦੇ ਵਿੱਚ ਇਕਬਾਲ ਸਿੰਘ, ਅਰੁਣ ਬਾਂਸਲ, ਪ੍ਰਦੀਪ ਖੁਰਮੀ ਤੇ ਮੌਂਟੀ ਬੈਨੀਪਾਲ, ਬੋਬ ਸਿੱਧੂ, ਪ੍ਰਦੀਪ ਮਿਨਹਾਸ, ਰਜਤ ਸੈਣੀ,ਸਰਬਜੀਤ ਕੌਰ, ਨੈਨਸੀ ਮਾਨ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Add a Comment

Your email address will not be published. Required fields are marked *