ਜਲੰਧਰ ‘ਚ ਪਤਨੀ ਤੋਂ ਦੁਖੀ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਜਲੰਧਰ – ਐਤਵਾਰ ਰਾਤੀਂ ਲਗਭਗ 2 ਵਜੇ ਸਿਟੀ ਰੇਲਵੇ ਸਟੇਸ਼ਨ ’ਤੇ 3 ਬੱਚੀਆਂ ਦੇ ਪਿਉ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਟਰੇਨ ਦੀ ਲਪੇਟ ਵਿਚ ਆ ਕੇ ਮ੍ਰਿਤਕ ਦੀ ਧੌਣ ਧੜ ਤੋਂ ਵੱਖ ਹੋ ਗਈ। ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ (38) ਪੁੱਤਰ ਸੁਰਿੰਦਰਪਾਲ ਨਿਵਾਸੀ ਨਜ਼ਦੀਕ ਆਰੀਆ ਸਮਾਜ ਮੰਦਿਰ ਗੜ੍ਹਾ ਵਜੋਂ ਹੋਈ ਹੈ। ਥਾਣਾ ਜੀ. ਆਰ. ਪੀ. ਦੇ ਏ. ਐੱਸ. ਆਈ. ਲਲਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਟੇਸ਼ਨ ਦੇ ਮੇਨ ਗੇਟ ਦੇ ਸਾਹਮਣੇ ਆਪਣੀ ਐਕਟਿਵਾ ਖੜ੍ਹਾ ਕਰ ਕੇ ਅੰਦਰ ਗਿਆ ਅਤੇ ਟਰੇਨ ਦੇ ਅੱਗੇ ਛਾਲ ਮਾਰ ਦਿੱਤੀ।
ਪੁਲਸ ਦੇ ਮੁਤਾਬਕ ਮ੍ਰਿਤਕ ਦੀ ਜੇਬ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਆਪਣੀ ਪਤਨੀ ਅਤੇ 2 ਹੋਰ ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੱਸਿਆ ਕਿ ਸੁਨੀਲ ਕੁਮਾਰ ਡਰਾਈਵਰੀ ਕਰਦਾ ਸੀ ਅਤੇ 4 ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਮ੍ਰਿਤਕ ਦਾ ਚਾਚਾ ਅਤੇ ਜੀਜਾ ਜੀ. ਆਰ. ਪੀ. ਥਾਣੇ ਪਹੁੰਚੇ। ਉਨ੍ਹਾਂ ਪੁਲਸ ਮੁਲਾਜ਼ਮਾਂ ਦੇ ਨਾਲ ਸਿਵਲ ਹਸਪਤਾਲ ਜਾ ਕੇ ਲਾਸ਼ ਦੀ ਪਛਾਣ ਕੀਤੀ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਸੁਨੀਲ ਘਰੋਂ ਐਕਟਿਵਾ ’ਤੇ ਨਿਕਲਿਆ ਸੀ। ਪੁਲਸ ਨੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਜੇਬ ਵਿਚੋਂ ਐਕਟਿਵਾ ਦੀ ਚਾਬੀ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਸਟੇਸ਼ਨ ਦੇ ਬਾਹਰ ਖੜ੍ਹਾ ਐਕਟਿਵਾ ਪਛਾਣ ਲਿਆ।
ਉੱਥੇ ਹੀ, ਦੂਜੇ ਪਾਸੇ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਮ੍ਰਿਤਕ ਦੇ ਚਾਚੇ ਅਸ਼ੋਕ ਅਤੇ ਜੀਜਾ ਅਮਿਤ ਦੇ ਬਿਆਨ ਲੈ ਕੇ ਲਿਖਤੀ ਕਾਰਵਾਈ ਤੋਂ ਬਾਅਦ ਲਾਸ਼ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਜੀ. ਆਰ. ਪੀ. ਨੇ ਫਿਲਹਾਲ ਇਸ ਸਬੰਧ ਵਿਚ ਕੋਈ ਕਾਰਵਾਈ ਨਹੀਂ ਕੀਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਅਜੇ ਸਦਮੇ ਵਿਚ ਹਨ। ਫਿਲਹਾਲ ਉਨ੍ਹਾਂ ਕਿਸੇ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ।