ਸ਼ਰਧਾ ਕਤਲ ਕਾਂਡ: ਦਿੱਲੀ ਪੁਲੀਸ ਵੱਲੋਂ ਮ੍ਰਿਤਕਾ ਦੇ 12 ਅੰਗ ਬਰਾਮਦ

ਨਵੀਂ ਦਿੱਲੀ, 15 ਨਵੰਬਰ-: ਦਿੱਲੀ ਪੁਲੀਸ ਅੱਜ ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਮ੍ਰਿਤਕਾ ਦੇ ਸਰੀਰ ਦੇ ਅੰਗ ਬਰਾਮਦ ਕਰਨ ਲਈ ਸਥਾਨਕ ਜੰਗਲ ’ਚ ਲੈ ਕੇ ਗਈ ਜਿੱਥੋਂ 12 ਅੰਗ ਬਰਾਮਦ ਕੀਤੇ ਗਏ ਹਨ। ਪੁਲੀਸ ਸੂਤਰਾਂ ਅਨੁਸਾਰ ਹੁਣ ਤੱਕ ਬਰਾਮਦ ਕੀਤੇ ਗਏ ਅੰਗਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਸਾਰੇ ਮਨੁੱਖੀ ਅੰਗ ਹਨ।

ਸੂਤਰਾਂ ਨੇ ਕਿਹਾ ਕਿ ਬਰਾਮਦ ਕੀਤੇ ਗਏ ਲਗਭਗ 12 ਅੰਗ ਇੱਕ ਹੀ ਮਨੁੱਖ ਦੇ ਹੋਣ ਦਾ ਸ਼ੱਕ ਹੈ ਤੇ ਇਨ੍ਹਾਂ ਦੇ ਨਮੂਨੇ ਜਾਂਚ ਲਈ ਫੋਰੈਂਸਿਕ ਮਾਹਿਰਾਂ ਕੋਲ ਭੇਜੇ ਗਏ ਹਨ। ਇਨ੍ਹਾਂ ਅੰਗਾਂ ਦੇ ਨਮੂਨਿਆਂ ਦਾ ਮਿਲਾਨ ਮ੍ਰਿਤਕਾ ਦੇ ਪਿਤਾ ਦੇ ਡੀਐੱਨਏ ਦੇ ਨਮੂਨਿਆਂ ਨਾਲ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਲੜਕੀ ਦੇ ਸਿਰ ਦੀ ਬਰਾਮਦਗੀ ਹੋਣੀ ਬਾਕੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਦੇ ਹੋਰ ਅੰਗ ਬਰਾਮਦ ਕਰਨ ਲਈ ਆਫ਼ਤਾਬ ਨੂੰ ਮੁੜ ਛਤਰਪੁਰ ਦੇ ਜੰਗਲੀ ਇਲਾਕੇ ’ਚ ਲਿਜਾਇਆ ਜਾਵੇਗਾ।

ਦੂਜੇ ਪਾਸੇ ਦਿੱਲੀ ਪੁਲੀਸ ਜਲਦੀ ਹੀ ‘ਬੰਬਲ’ ਡੇਟਿੰਗ ਐਪ ਨੂੰ ਪੱਤਰ ਲਿਖ ਕੇ ਆਫਤਾਬ ਪੂਨਾਵਾਲਾ ਬਾਰੇ ਹੋਰ ਜਾਣਕਾਰੀ ਮੰਗੇਗੀ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਹ ਹੋਰ ਕਿਹੜੀਆਂ ਔਰਤਾਂ ਦੇ ਸੰਪਰਕ ’ਚ ਸੀ। ਪੁਲੀਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਸ ਨੇ ਪੀੜਤਾ ਨੂੰ ਮਾਰਨ ਦੀ ਸਾਜ਼ਿਸ਼ ਤਹਿਤ ਦਿੱਲੀ ਦੇ ਛਤਰਪੁਰ ਇਲਾਕੇ ’ਚ ਫਲੈਟ ਕਿਰਾਏ ’ਤੇ ਲਿਆ ਸੀ। ਪੁਲੀਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੋਵਾਂ ਵਿੱਚ ਅਕਸਰ ਲੜਾਈ ਹੁੰਦੀ ਸੀ। ਸ਼ੁਰੂ ’ਚ ਦਿੱਲੀ ਦੇ ਛਤਰਪੁਰ ਦੇ ਫਲੈਟ ਵਿੱਚ ਠਹਿਰੇ ਸਨ। ਕਥਿਤ ਤੌਰ ’ਤੇ 18 ਮਈ ਨੂੰ ਛਤਰਪੁਰ ਫਲੈਟ ’ਚ ਲੜਕੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਨੂੰ ਪਤਾ ਲੱਗਾ ਹੈ ਕਿ ਕਤਲ ਤੋਂ ਕੁਝ ਦਿਨ ਪਹਿਲਾਂ ਇਹ ਕਮਰਾ ਕਿਰਾਏ ’ਤੇ ਲਿਆ ਗਿਆ ਸੀ। ਪੁਲੀਸ ਸੂਤਰਾਂ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਆਫਤਾਬ ਨੇ ਸ਼ਰਧਾ ਨੂੰ ਕਤਲ ਕਰਨ ਦੀ ਸਾਜ਼ਿਸ਼ ਪਹਿਲਾਂ ਹੀ ਰਚੀ ਸੀ? ਕਿਉਂਕਿ ਆਫਤਾਬ ਨੇ ਗੂਗਲ ’ਤੇ ਜਾਣਕਾਰੀ ਹਾਸਲ ਕਰਨ ਮਗਰੋਂ ਫਰਸ਼ ਤੋਂ ਖੂਨ ਦੇ ਦਾਗ ਸਾਫ਼ ਕਰ ਦਿੱਤੇ ਸਨ।

Add a Comment

Your email address will not be published. Required fields are marked *