ਦਿੱਲੀ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਘਟੀ

ਨਵੀਂ ਦਿੱਲੀ – ਦਿੱਲੀ ਦੇ ਸਰਕਾਰੀ ਸਕੂਲਾਂ ’ਚ ਵਿਦਿਅਕ ਸੈਸ਼ਨ 2023-24 ’ਚ ਵਿਦਿਆਰਥੀਆਂ ਦੀ ਗਿਣਤੀ 2022-23 ਦੇ ਮੁਕਾਬਲੇ 30,000 ਤੋਂ ਵੱਧ ਘਟ ਗਈ ਹੈ। ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਸਾਲ 2022 ’ਚ ਸਰਕਾਰੀ ਸਕੂਲਾਂ ’ਚ ਕੁੱਲ ਵਿਦਿਆਰਥੀਆਂ ਦੀ ਗਿਣਤੀ 17,89,385 ਸੀ, ਜਦੋਂ ਕਿ ਸਾਲ 2023 ’ਚ ਵਿਦਿਆਰਥੀਆਂ ਦੀ ਗਿਣਤੀ ਘਟ ਕੇ 17,58,986 ਰਹਿ ਗਈ, ਜੋ ਕਿ ਪਿਛਲੇ ਸੈਸ਼ਨ ਨਾਲੋਂ 30,399 ਘੱਟ ਹੈ। ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਕਾਨੂੰਨ ਤਹਿਤ ਦਾਖ਼ਲ ਕੀਤੀ ਗਈ ਅਰਜ਼ੀ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ ਹੈ। ਦਿੱਲੀ ’ਚ 1050 ਸਰਕਾਰੀ ਸਕੂਲ ਅਤੇ 37 ‘ਡਾ. ਬੀ. ਆਰ. ਅੰਬੇਡਕਰ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ ਸਕੂਲ’ ਹਨ। 

ਦਿੱਲੀ ਸਿੱਖਿਆ ਡਾਇਰੈਕਟੋਰੇਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੂਰਬੀ ਦਿੱਲੀ ਦੇ ਸਰਕਾਰੀ ਸਕੂਲਾਂ ’ਚ 2022-23 ’ਚ ਵਿਦਿਆਰਥੀਆਂ ਦੀ ਗਿਣਤੀ 2,06,027 ਸੀ, ਜੋ 2023-24 ’ਚ ਘਟ ਕੇ 1,99,730 ਰਹਿ ਗਈ ਹੈ। ਉੱਥੇ ਹੀ ਉੱਤਰ-ਪੂਰਬੀ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਸਾਲ 2023-24 ’ਚ ਵਿਦਿਆਰਥੀਆਂ ਦੀ ਗਿਣਤੀ 2,86,298 ਹੈ, ਜਦੋਂ ਕਿ 2022-23 ’ਚ ਵਿਦਿਆਰਥੀਆਂ ਦੀ ਗਿਣਤੀ 3 ਲੱਖ ਤੋਂ ਵੱਧ ਸੀ। ਆਰ. ਟੀ. ਆਈ. ਦੇ ਜਵਾਬ ’ਚ ਦੱਸਿਆ ਗਿਆ ਹੈ ਕਿ ‘ਨਾਰਥ ਵੈਸਟ ਏ’ ਅਤੇ ਕੇਂਦਰੀ ਦਿੱਲੀ ਨੂੰ ਛੱਡ ਕੇ ਸਾਰੇ ਜ਼ਿਲਿਆਂ ਅਤੇ ਖੇਤਰਾਂ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ,‘‘ਦਿੱਲੀ ਦੇ ਸਰਕਾਰੀ ਸਕੂਲਾਂ ’ਚ ਕੋਵਿਡ-19 ਦੌਰਾਨ ਜ਼ਿਆਦਾ ਦਾਖਲੇ ਹੋਏ ਪਰ ਪ੍ਰਾਈਵੇਟ ਸਕੂਲ ਖੁੱਲਣ ਤੋਂ ਬਾਅਦ ਬੱਚਿਆਂ ਦੀ ਗਿਣਤੀ ’ਚ ਕਮੀ ਆਈ ਹੈ।’’

Add a Comment

Your email address will not be published. Required fields are marked *