ED ਵੱਲੋਂ ਹਿਰਾਸਤ ‘ਚ ਲਏ ਜਾਣ ‘ਤੇ ਫੁੱਟ-ਫੁੱਟ ਕੇ ਰੋਏ ਤਮਿਲਨਾਡੂ ਦੇ ਬਿਜਲੀ ਮੰਤਰੀ
ਈ.ਡੀ. ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਤਮਿਲਨਾਡੂ ਦੇ ਬਿਜਲੀ ਮੰਤਰੀ ਵੀ. ਸੇਂਥਿਲ ਬਾਲਾਜੀ ਤੇ ਉਨ੍ਹਾਂ ਦੇ ਕਰੀਬੀਆਂ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ। ਚੇਨਈ ਵਿਚ ਸੇਂਥਿਲ ਦੀ ਰਿਹਾਇਸ਼ ‘ਤੇ ਹੋਈ ਛਾਪੇਮਾਰੀ ਦੇਰ ਰਾਤ ਤਕ ਜਾਰੀ ਰਹੀ ਤੇ ਉਸ ਤੋਂ ਬਾਅਦ ਈ.ਡੀ. ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਚੇਨਈ ਦੇ ਇਕ ਸਰਕਾਰੀ ਮੈਡੀਕਲ ਕਾਲਜ ਲਿਜਾਇਆ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਸੇਂਥਿਲ ਫੁੱਟ-ਫੁੱਟ ਕੇ ਰੋਂਦੇ ਦੇਖੇ ਗੇਏ।
ਨੈਕਰੀ ਲਈ ਨਕਦੀ ਘਪਲੇ ਤਹਿਤ ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਪੁਲਸ ਤੇ ਈ.ਡੀ. ਨੂੰ ਜਾਂਚ ਲਈ ਇਜਾਜ਼ਤ ਦਿੱਤੀ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਿਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ ਮੰਤਰੀ ਦੀ ਰਿਹਾਇਸ਼ ਦੀ ਤਲਾਸ਼ੀ ਲਈ ਗਈ। ਪਿਛਲੇ ਮਹੀਨੇ ਇਨਕਮ ਟੈਕਸ ਵਿਭਾਗ ਨੇ ਬਾਲਾਜੀ ਦੇ ਕਰੀਬੀਆਂ ਦੇ ਘਰ ਵਿਚ ਛਾਪੇਮਾਰੀ ਕੀਤੀ ਸੀ।
ਇਸ ਤੋਂ ਪਹਿਲਾਂ, ਈ.ਡੀ. ਦੀ ਜਾਂਚ ਦੌਰਾਨ ਬਾਲਾਜੀ ਨੇ ਕਿਹਾ ਕਿ ਉਹ ਜਾਂਚ ਏਜੰਸੀ ਦਾ ਪੂਰੀ ਤਰ੍ਹਾਂ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਵੇਖਾਂਗੇ ਕਿ ਉਹ ਕਿਸ ਇਰਾਦੇ ਨਾਲ ਇੱਥੇ ਛਾਪੇਮਾਰੀ ਲਈ ਆਏ ਹਨ ਤੇ ਕੀ ਲੱਭ ਰਹੇ ਹਨ। ਇਸ ਨੂੰ ਖ਼ਤਮ ਹੋਣ ਦਿੰਦੇ ਹਾਂ। ਬਾਲਾਜੀ ਨੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਦੇ ਅਧਾਰ ‘ਤੇ ਅਧਿਕਾਰੀਆਂ ਵੱਲੋਂ ਜੋ ਵੀ ਮੰਗਿਆ ਜਾਵੇਗਾ, ਉਨ੍ਹਾਂ ਨੂੰ ਉਹ ਮੁਹੱਈਆ ਕਰਵਾਉਣਗੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਉਹ ਸਵੇਰ ਦੀ ਸੈਰ ਲਈ ਘਰੋਂ ਨਿਕਲੇ ਸਨ ਤੇ ਛਾਪੇਮਾਰੀ ਦੀ ਸੂਚਨਾ ਮਿਲਦਿਆਂ ਹੀ ਉਹ ਟੈਕਸੀ ਲੈ ਕੇ ਵਾਪਸ ਆਪਣੇ ਘਰ ਆ ਗਏ। ਛਾਪੇਮਾੀ ਦੌਰਾਨ ਈ.ਡੀ. ਦੇ ਅਧਿਕਾਰੀਆਂ ਦੇ ਨਾਲ ਕੇਂਦਰੀ ਪੈਰਾ ਮਿਲਟਰੀ ਫ਼ੋਰਸ ਦੇ ਜਵਾਨ ਵੀ ਮੌਜੂਦ ਸਨ। ਦੱਸ ਦੇਈਏ ਕਿ ਪਿਛਲੇ ਮਹੀਨੇ ਕਰੂਰ ਵਿਚ ਬਾਲਾਜੀ ਦੇ ਕਰੀਬੀਆਂ ਦੇ ਘਰ ਰੇਡ ਮਾਰਨ ਜਾ ਰਹੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ‘ਤੇ ਹਮਲਾ ਕੀਤਾ ਗਿਆ ਸੀ।
